ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਇਕ ਭੀੜ ਭਰੇ ਇਲਾਕੇ ’ਚ ਹੋਏ ਕਾਰ ਬੰਬ ਧਮਾਕੇ ’ਚ 90 ਜਣਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ ਜ਼ਿਆਦਾਤਰ ਯੂਨੀਵਰਸਿਟੀ ਦੇ ਵਿਦਿਆਰਥੀ ਹਨ। ਧਮਾਕਾ ਭੀੜ-ਭੜੱਕੇ ਵਾਲੀ ਇਕ ਸੁਰੱਖਿਆ ਚੌਕੀ ਕੋਲ ਹੋਇਆ। ਇਹ ਥਾਂ ਸ਼ਹਿਰ ਦੇ ਦੱਖਣ-ਪੱਛਮ ਵਿਚ ਹੈ ਤੇ ਟੈਕਸ ਦਫ਼ਤਰ ਹੋਣ ਕਾਰਨ ਇਸ ਇਲਾਕੇ ਵਿਚ ਕਾਫ਼ੀ ਆਵਾਜਾਈ ਰਹਿੰਦੀ ਹੈ। ਧਮਾਕਾ ਐਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਵਾਹਨਾਂ ’ਚ ਚਿੱਬ ਪੈ ਗਏ ਤੇ ਇਹ ਸੜ ਗਏ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਮੋਗਾਦਿਸ਼ੂ ਵਿਚ ਕਾਰ ਬੰਬ ਧਮਾਕੇ ਲਗਾਤਾਰ ਹੁੰਦੇ ਰਹੇ ਹਨ ਤੇ ਇਹ ਜ਼ਿਆਦਾਤਰ ਇਸਲਾਮਿਕ ਅਤਿਵਾਦੀ ਸੰਗਠਨ ਅਲ-ਸ਼ਬਾਬ ਵੱਲੋਂ ਕੀਤੇ ਜਾਂਦੇ ਹਨ। ਇਹ ਸੰਗਠਨ ਅਲ-ਕਾਇਦਾ ਨਾਲ ਵੀ ਜੁੜਿਆ ਹੋਇਆ ਹੈ। ਅੱਜ ਹੋਇਆ ਧਮਾਕਾ ਪਿਛਲੇ ਦੋ ਸਾਲਾਂ ਵਿਚ ਸਭ ਤੋਂ ਵੱਡਾ ਹੈ। ਮਾਰੇ ਗਏ ਯੂਨੀਵਰਸਿਟੀ ਵਿਦਿਆਰਥੀ ਧਮਾਕੇ ਵਾਲੀ ਥਾਂ ਨੇੜਿਓਂ ਗੁਜ਼ਰ ਰਹੀ ਬੱਸ ਵਿਚ ਸਨ। ਤੁਰਕੀ ਦੇ ਦੋ ਨਾਗਰਿਕ ਵੀ ਧਮਾਕੇ ਵਿਚ ਮਾਰੇ ਗਏ ਹਨ। ਇਹ ਦੋਵੇਂ ਇੱਥੇ ਕਿਸੇ ਸੜਕ ਉਸਾਰੀ ਪ੍ਰਾਜੈਕਟ ਦੇ ਮੁਲਾਜ਼ਮ ਸਨ।ਜ਼ਖ਼ਮੀਆਂ ਦੀ ਗਿਣਤੀ 90 ਦੇ ਕਰੀਬ ਦੱਸੀ ਗਈ ਹੈ ਜੋ ਕਿ ਵਧ ਸਕਦੀ ਹੈ। ਪੁਲੀਸ ਨੇ ਧਮਾਕੇ ਨੂੰ ਬੇਹੱਦ ‘ਖ਼ਤਰਨਾਕ’ ਸ਼੍ਰੇਣੀ ਦਾ ਦੱਸਿਆ ਹੈ। ਮੋਗਾਦਿਸ਼ੂ ਦੇ ਮੇਅਰ ਉਮਰ ਮਹਿਮੂਦ ਮੁਹੰਮਦ ਨੇ ਫੱਟੜਾਂ ਦੀ ਗਿਣਤੀ 178 ਦੇ ਕਰੀਬ ਦੱਸੀ ਹੈ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਧਮਾਕੇ ਦੀ ਹਾਲੇ ਤੱਕ ਕਿਸੇ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ। ਦੱਸਣਯੋਗ ਹੈ ਕਿ ਅਲ-ਸ਼ਬਾਬ ਲੰਮੇ ਸਮੇਂ ਤੋਂ ਸੋਮਾਲੀਆ ਦੀ ਸਰਕਾਰ ਡੇਗਣ ਦਾ ਯਤਨ ਕਰ ਰਿਹਾ ਹੈ। ਇਸ ਅਤਿਵਾਦੀ ਸੰਗਠਨ ਦਾ ਕੇਂਦਰੀ ਤੇ ਦੱਖਣੀ ਸੋਮਾਲੀਆ ਉੱਤੇ ਦਬਦਬਾ ਰਿਹਾ ਹੈ। ਸੰਨ 2010 ਵਿਚ ਇਹ ਅਲ-ਕਾਇਦਾ ਨਾਲ ਜੁੜ ਗਿਆ।