ਗੈਂਗਸਟਰ ਪਿੰਦਰੀ ਚਾਰ ਸਾਥੀਆਂ ਸਣੇ ਗ੍ਰਿਫ਼ਤਾਰ

ਰੂਪਨਗਰ ਪੁਲੀਸ ਨੇ ਗੈਂਗਸਟਰ ਪਰਮਿੰਦਰ ਸਿੰਘ ਉਰਫ਼ ਪਿੰਦਰੀ ਅਤੇ ਉਸ ਦੇ 4 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਖ਼ੁਫੀਆ ਸੂਚਨਾ ਦੇ ਆਧਾਰ ’ਤੇ 5 ਨੌਜਵਾਨਾਂ ਨੂੰ ਗਊਸ਼ਾਲਾ ਰੋਡ, ਨੋਧੇਮਾਜਰਾ ਕੋਲੋਂ ਕਾਬੂ ਕੀਤਾ ਗਿਆ। ਇਨ੍ਹਾਂ ਦੀ ਸ਼ਨਾਖ਼ਤ ਪਰਮਿੰਦਰ ਸਿੰਘ ਉਰਫ਼ ਪਿੰਦਰੀ ਵਾਸੀ ਪਿੰਡ ਢਾਹਾਂ (ਨੂਰਪੁਰ ਬੇਦੀ), ਜਸਪ੍ਰੀਤ ਸਿੰਘ ਉਰਫ਼ ਜੱਸੀ, ਅੰਕੁਸ਼ ਸ਼ਰਮਾ ਉਰਫ਼ ਭਰਦਵਾਜ, ਕੁਲਦੀਪ ਸਿੰਘ ਉਰਫ਼ ਬਾਬਾ (ਸਾਰੇ ਵਾਸੀ ਖੰਨਾ) ਅਤੇ ਬਲਜਿੰਦਰ ਸਿੰਘ ਉਰਫ਼ ਬਿੱਲਾ ਵਾਸੀ ਪਿੰਡ ਤਖਤਗੜ੍ਹ (ਨੂਰਪੁਰ ਬੇਦੀ) ਵਜੋਂ ਹੋਈ ਹੈ। ਪੁਲੀਸ ਮੁਤਾਬਕ ਮੁਲਜ਼ਮਾਂ ਦੀ ਤਲਾਸ਼ੀ ’ਤੇ ਇਨ੍ਹਾਂ ਕੋਲੋਂ ਬੁਲੇਟ ਪਰੂਫ਼ ਜੈਕੇਟ, ਇਕ ਰਾਈਫਲ 315 ਬੋਰ, ਇਕ ਰਾਈਫ਼ਲ 12 ਬੋਰ, ਇਕ ਰਿਵਾਲਵਰ 32 ਬੋਰ ਅਤੇ ਕਾਰਤੂਸ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਇਨ੍ਹਾਂ ਕੋਲੋਂ ਫੋਲਡ ਹੋਣ ਵਾਲਾ ਇਕ ਛੁਰਾ, ਕਿਰਚ, ਟਕੂਆ, ਦਾਤ, ਗੰਡਾਸਾ ਜਿਹੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਇਕ ਵਾਹਨ ਮਹਿੰਦਰਾ ਐਕਸਯੂਵੀ 500 (ਐੱਚਆਰ 21ਐੱਚ-6019) ਵੀ ਬਰਾਮਦ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਗਰੋਹ ਜ਼ਿਲ੍ਹਾ ਰੂਪਨਗਰ ਵਿੱਚ ਡਕੈਤੀ ਅਤੇ ਹੋਰ ਵਾਰਦਾਤਾਂ ਕਰਨ ਦੀ ਯੋਜਨਾ ਬਣਾ ਰਿਹਾ ਸੀ। ਐੱਸਪੀ (ਐੱਚ) ਜਗਜੀਤ ਸਿੰਘ ਜੱਲਾ ਨੇ ਦੱਸਿਆ ਕਿ ਗੈਂਗਸਟਰ ਪਿੰਦਰੀ ਦਾ ਸਬੰਧ ਪੰਜਾਬ-ਹਰਿਆਣਾ ਦੇ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਸੰਪਤ ਨਹਿਰਾ ਨਾਲ ਹੈ, ਜਿਨ੍ਹਾਂ ਦੇ ਭਗੌੜੇ ਸਾਥੀਆਂ ਨੂੰ ਇਹ ਨਾਲਾਗੜ੍ਹ, ਬੱਦੀ, ਨੈਣਾ ਦੇਵੀ ਅਤੇ ਊਨਾ (ਹਿਮਾਚਲ ਪ੍ਰਦੇਸ਼) ਇਲਾਕੇ ਵਿਚ ਰਿਹਾਇਸ਼ ਦਾ ਪ੍ਰਬੰਧ ਕਰ ਕੇ ਦਿੰਦੇ ਸਨ। ਪਿੰਦਰੀ ਖ਼ਿਲਾਫ਼ ਪਹਿਲਾਂ ਵੀ 20-25 ਮੁਕੱਦਮੇ ਦਰਜ ਹਨ ਤੇ ਇਹ ਘਰੋਂ ਫ਼ਰਾਰ ਸੀ। ਪੁਲੀਸ ਨੇ ਧਾਰਾ 399, 402 ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

Previous articleਸੋਮਾਲੀਆ ’ਚ ਕਾਰ ਬੰਬ ਧਮਾਕਾ, 90 ਮੌਤਾਂ
Next articlePhilippine typhoon death toll rises to 47