ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਸਬੰਧੀ ਕਿਸਾਨ ਆਗੂਆਂ ਤੇ ਸਰਕਾਰ ਵਿਚਾਲੇ ਅੱਠਵੇਂ ਗੇੜ ਦੀ ਗੱਲਬਾਤ ਬੇਨਤੀਜਾ ਰਹਿਣ ਤੋਂ ਇਕ ਦਿਨ ਬਾਅਦ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਮੌਜੂਦਾ ਸਿਆਸੀ ਹਾਲਾਤ ਤੇ ਕਿਸਾਨਾਂ ਦੇ ਮੁੱਦਿਆਂ ਬਾਰੇ ਚਰਚਾ ਕਰਨ ਲਈ ਪਾਰਟੀ ਦੇ ਜਨਰਲ ਸਕੱਤਰਾਂ ਤੇ ਇੰਚਾਰਜਾਂ ਨਾਲ ਇਕ ਆਨਲਾਈਨ ਮੀਟਿੰਗ ਕੀਤੀ।
ਸੂਤਰਾਂ ਅਨੁਸਾਰ ਮੀਟਿੰਗ ’ਚ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ, ਰਾਜੀਵ ਸਤਾਵਲ, ਮਣੀਕੱਮ ਟੈਗੋਰ, ਤਾਰੀਕ ਅਨਵਰ, ਪ੍ਰਿਯੰਕਾ ਗਾਂਧੀ ਵਾਡਰਾ, ਜਿਤਿਨ ਪ੍ਰਸਾਦ, ਪਵਨ ਬਾਂਸਲ, ਰਾਜੀਵ ਸ਼ੁਕਲਾ, ਭਕਤਾ ਚਰਨ ਦਾਸ, ਅਜੈ ਮਾਕਨ, ਪੀ.ਐੱਲ. ਪੂਨੀਆ ਤੇ ਹੋਰ ਕਈ ਆਗੂ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਪ੍ਰਿਯੰਕਾ ਗਾਂਧੀ ਇੱਥੇ ਜੰਤਰ-ਮੰਤਰੀ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 32 ਦਿਨਾਂ ਤੋਂ ਧਰਨਾ ਦੇ ਰਹੇ ਪਾਰਟੀ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਮਿਲੀ ਸੀ।
ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਕਾਂਗਰਸ ਤਹਿ ਦਿਲੋਂ ਕਿਸਾਨ ਯੂਨੀਅਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ, ‘‘ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ ਅਤੇ ਇਸ ਸਮੱਸਿਆ ਦਾ ਸਿਰਫ਼ ਇਕੋ ਹੱਲ ਹੈ ਕਿ ਸਰਕਾਰ ਤਿੰਨੋਂ ਖੇਤੀ ਕਾਨੂੰਨ ਰੱਦ ਕਰੇ।’’ ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਦਾ ਅਗਲਾ ਗੇੜ 15 ਜਨਵਰੀ ਨੂੰ ਹੋਣਾ ਨਿਸ਼ਚਿਤ ਹੈ।