ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲਗਪਗ 30 ਸਾਲਾਂ ਤੋਂ ਪੜ੍ਹਾ ਰਹੇ ਮਾਸਟਰ ਕਾਡਰ ਦੇ ਸੈਂਕੜੇ ਅਧਿਆਪਕਾਂ ਨੂੰ ਤਿੰਨ ਦਹਾਕਿਆਂ ਦੀ ਲੰਮੀ ਉਡੀਕ ਤੋਂ ਬਾਅਦ ਭਾਵੇਂ ਤਰੱਕੀ ਤਾਂ ਮਿਲ ਗਈ ਹੈ ਪ੍ਰੰਤੂ ਹੁਣ ਇਨ੍ਹਾਂ ਨੂੰ ਸਬੰਧਤ ਸਕੂਲਾਂ ਵਿੱਚ ਜੁਆਇਨ ਨਹੀਂ ਕਰਵਾਇਆ ਜਾ ਰਿਹਾ ਜਿਸ ਕਾਰਨ ਅਧਿਆਪਕ ਵਰਗ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਜਦੋਂ ਕਿ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਤਕਰੀਬਨ 500-600 ਅਧਿਆਪਕ ਤਰੱਕੀ ਨੂੰ ਉਡੀਕਦੇ ਹੋਏ ਸੇਵਾਮੁਕਤ ਹੋ ਚੁੱਕੇ ਹਨ ਅਤੇ ਕਈ ਮਾਸਟਰ ਤਾਂ ਅਕਾਲ ਚਲਾਣਾ ਵੀ ਕਰ ਗਏ ਹਨ। ਜਾਣਕਾਰੀ ਅਨੁਸਾਰ ਸਾਲ 1988 ਤੋਂ 90 ਵਿੱਚ ਭਰਤੀ ਹੋਏ ਮਾਸਟਰ ਕਾਡਰ ਦੇ ਅਧਿਆਪਕਾਂ ’ਚੋਂ 228 ਜਣਿਆਂ ਨੂੰ ਸਿੱਖਿਆ ਵਿਭਾਗ ਵੱਲੋਂ ਬੀਤੀ 24 ਜੂਨ ਨੂੰ ਪਦਉੱਨਤ ਕਰਕੇ ਮੁੱਖ ਅਧਿਆਪਕ ਬਣਾਇਆ ਗਿਆ ਸੀ ਅਤੇ 26 ਜੂਨ ਨੂੰ ਪਦਉੱਨਤ ਹੋਏ ਮਾਸਟਰਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਸੱਦ ਕੇ ਮੈਰਿਟ ਦੇ ਆਧਾਰ ’ਤੇ ਮਨਪਸੰਦ ਸਟੇਸ਼ਨ ਵੀ ਅਲਾਟ ਕਰ ਦਿੱਤੇ ਗਏ ਪਰ ਅਜੇ ਤਕ ਇਨ੍ਹਾਂ ਅਧਿਆਪਕਾਂ ਨੂੰ ਸਰਕਾਰੀ ਹਾਈ ਸਕੂਲਾਂ ਵਿੱਚ ਜੁਆਇਨ ਨਹੀਂ ਕਰਵਾਇਆ ਗਿਆ, ਜਦੋਂਕਿ ਸਰਕਾਰੀ ਨੇਮਾਂ ਮੁਤਾਬਕ ਤਰੱਕੀ ਮਿਲਣ ਅਤੇ ਸਟੇਸ਼ਨ ਅਲਾਟ ਹੋਣ ਤੋਂ ਤੁਰੰਤ ਬਾਅਦ ਅਧਿਆਪਕ ਸਕੂਲਾਂ ਵਿੱਚ ਡਿਊਟੀ ਜੁਆਇਨ ਕਰ ਸਕਦੇ ਹਨ ਲੇਕਿਨ ਤਾਜ਼ਾ ਪਦਉੱਨਤ ਹੋਏ ਮੁੱਖ ਅਧਿਆਪਕ ਅੱਜ ਵੀ ਇਕ ਮਾਸਟਰ ਵਜੋਂ ਪੁਰਾਣੇ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਹਨ। ਇਸ ਸਬੰਧੀ ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਨੇ ਕਿਹਾ ਕਿ ਸਟੇਸ਼ਨ ਅਲਾਟ ਕਰਨ ਵੇਲੇ ਸਿੱਖਿਆ ਸਕੱਤਰ ਨੇ 1 ਜੁਲਾਈ ਨੂੰ ਤਰੱਕੀ ਦਾ ਲਾਭ ਲੈਣ ਵਾਲੇ ਮੁੱਖ ਅਧਿਆਪਕਾਂ ਨੂੰ ਡਿਊਟੀ ਜੁਆਇਨ ਕਰਵਾਉਣ ਦੀ ਗੱਲ ਆਖੀ ਸੀ ਪਰ ਹੁਣ ਉਨ੍ਹਾਂ ਨੂੰ ਕੋਈ ਆਈ ਗਈ ਨਹੀਂ ਦਿੱਤੀ ਜਾ ਰਹੀ। ਜਦੋਂਕਿ ਕੁਝ ਸਮਾਂ ਪਹਿਲਾਂ ਮੁੱਖ ਅਧਿਆਪਕ ਤੋਂ ਲੈਕਚਰਾਰ ਅਤੇ ਲੈਕਚਰਾਰ ਤੋਂ ਪ੍ਰਿੰਸੀਪਲ ਪਦਉੱਨਤ ਹੋਏ ਅਧਿਆਪਕਾਂ ਨੇ ਅਗਲੇ ਹੀ ਦਿਨ ਜੁਆਇਨ ਕਰ ਲਿਆ ਸੀ।
INDIA ਸੈਂਕੜੇ ਅਧਿਆਪਕਾਂ ਨੂੰ 30 ਸਾਲਾਂ ਬਾਅਦ ਮਿਲੀ ਤਰੱਕੀ ਸਰਕਾਰੀ ਫਾਈਲਾਂ ’ਚ ਦੱਬੀ