ਮੋਗਾ ਜ਼ਿਲ੍ਹੇ ਦੇ ਖੇਡ ਅਫਸਰ ਦੀ ਮੁਲਾਜ਼ਮਾਂ ਨਾਲ ਪਈ ‘ਕਬੱਡੀ’

ਇੱਥੇ ਜ਼ਿਲ੍ਹਾ ਖੇਡ ਅਫ਼ਸਰ ਦੇ ਦਫ਼ਤਰ ’ਚ ਖੇਡ ਅਫਸਰ ਵੱਲੋਂ ਇੱਕ ਮੁਲਾਜ਼ਮ ਨੂੰ ਕਥਿਤ ਤੌਰ ’ਤੇ ਗਾਲੀ ਗਲੋਚ ਕਰਨ ਤੋਂ ਵਿਭਾਗ ਦੇ ਸਾਰੇ ਮੁਲਾਜ਼ਮ ਭੜਕ ਪਏ। ਸਾਰੇ ਮੁਲਾਜ਼ਮਾਂ ਨੇ ਕੰਮ ਠੱਪ ਕਰਕੇ ਧਰਨਾ ਲਗਾ ਕੇ ਅਧਿਕਾਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਥਿਤੀ ਉਦੋਂ ਤਣਾਅਪੂਰਨ ਬਣ ਗਈ ਜਦੋਂ ਅਧਿਕਾਰੀ ਸਫ਼ਾਈ ਦੇਣ ਲਈ ਧਰਨਾਕਾਰੀਆਂ ਕੋਲ ਜਾ ਪੁੱਜਿਆ। ਪੰਜਾਬ ਸੁਬਾੲਡੀਨੇਟ ਯੂਨੀਅਨ ਦੇ ਸਾਬਕਾ ਆਗੂ ਰੇਸ਼ਮ ਸਿੰਘ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਖ਼ੇਡ ਅਫ਼ਸਰ ਬਲਵੰਤ ਸਿੰਘ ਨੇ ਆਪਣੇ ਦਫ਼ਤਰ ਦੇ ਹੋਰਨਾਂ ਮੁਲਾਜ਼ਮਾਂ ਦੀ ਹਾਜ਼ਰੀ ’ਚ ਕਲਰਕ ਰਾਜ ਕੁਮਾਰ ਨਾਲ ਬਿਨਾਂ ਕਿਸੇ ਠੋਸ ਕਾਰਨ ਤੋਂ ਨੀਵੇਂ ਪੱਧਰ ਦੀ ਗੈਰ ਇਖਲਾਕੀ ਭਾਸ਼ਾ ਦਾ ਇਸਤੇਮਾਲ ਕਰਦਿਆਂ ਗਾਲੀ- ਗਲੋਚ ਕੀਤੀ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਖ਼ੇਡ ਅਫ਼ਸਰ ਛੋਟੇ ਮੁਲਾਜ਼ਮਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਖੇਡ ਅਫ਼ਸਰ ਆਪਣੇ ਚਹੇਤੇ ਮੁਲਾਜ਼ਮ ਦੀ ਕਿਸੇ ਮਾਮਲੇ ਵਿਚ ਕੋਈ ਜਵਾਬਤਲਬੀ ਨਹੀਂ ਕਰਦੇ ਜਦੋਂਕਿ ਦੂਜੇ ਮੁਲਾਜ਼ਮਾ ਨੂੰ ਹਰ ਥਾਂ ’ਤੇ ਜ਼ਲੀਲ ਕੀਤਾ ਜਾਂਦਾ ਹੈ। ਇਸ ਕਾਰਨ ਮੁਲਾਜ਼ਮ ਤਣਾਅ ’ਚ ਹਨ। ਧਰਨਾਕਾਰੀਆਂ ਐਲਾਨ ਕੀਤਾ ਕਿ ਜਿੰਨਾ ਸਮਾਂ ਇਸ ਮਾਮਲੇ ਵਿਚ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਇਸ ਅਧਿਕਾਰੀ ਦੀ ਇੱਥੋਂ ਬਦਲੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਇਹ ਸੰਘਰਸ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਅਧਿਕਾਰੀ ਦੇ ਹੈਂਕੜ ਰਵੱਈਏ ਕਾਰਨ ਕੰਮ ਠੱਪ ਹੋ ਕੇ ਰਹਿ ਗਿਆ। ਇਸ ਮੌਕੇ ਜ਼ਿਲਾ ਖ਼ੇਡ ਅਫ਼ਸਰ ਬਲਵੰਤ ਸਿੰਘ ਸਫ਼ਾਈ ਦੇਣ ਲਈ ਧਰਨੇ ’ਚ ਪੁੱਜੇ ਤਾਂ ਧਰਨਾਕਾਰੀ ਮੁਲਾਜ਼ਮਾਂ ਰਵੀ ਕੁਮਾਰ, ਬਿੱਕਰ ਸਿੰਘ, ਜੋਗਿੰਦਰ ਸਿੰਘ ਆਦਿ ਨੇ ਕਿਹਾ ਕਿ ਉਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ। ਇਸ ਮਗਰੋਂ ਜ਼ਿਲ੍ਹਾ ਖ਼ੇਡ ਅਫ਼ਸਰ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਦਿਆਂ ਦਫ਼ਤਰ ਵਿਚ ਬੈਠ ਕੇ ਗੱਲਬਾਤ ਕਰਨ ਲਈ ਰਾਜ਼ੀ ਕਰ ਲਿਆ।

Previous articleਬੈਡਮਿੰਟਨ ਕੈਨੇਡਾ ਓਪਨ: ਕਸ਼ਿਅਪ ਉਪ ਜੇਤੂ
Next articleਸੈਂਕੜੇ ਅਧਿਆਪਕਾਂ ਨੂੰ 30 ਸਾਲਾਂ ਬਾਅਦ ਮਿਲੀ ਤਰੱਕੀ ਸਰਕਾਰੀ ਫਾਈਲਾਂ ’ਚ ਦੱਬੀ