ਪੀ.ਜੀ.ਆਰ.ਐਸ. ਪੋਰਟਲ ਦੀ ਵਰਤੋਂ ਕਰਕੇ ਕੋਈ ਵੀ ਵਿਅਕਤੀ ਆਪਣੀ ਸ਼ਿਕਾਇਤ ਡਿਜੀਟਲੀ ਕਰਵਾ ਸਕਦੇ ਰਜਿਸਟਰ-ਡਿਪਟੀ ਕਮਿਸ਼ਨਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਢੰਗ ਨਾਲ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਵਜੋਂ ਵਨ-ਸਟਾਪ ਵੈਬ ਪੋਰਟਲ ਦੇ ਰੂਪ ਵਿੱਚ ਇੱਕ ਡਿਜੀਟਲ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀ.ਜੀ.ਆਰ.ਐਸ) ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੀ ਸਹੂਲਤ ਹੁਣ ਸੇਵਾ ਕੇਂਦਰ ਰਾਹੀਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਸੇਵਾ ਕੇਂਦਰ ਰਾਹੀਂ ਪੀ.ਜੀ.ਆਰ.ਐਸ. ਵੈਬ ਪੋਰਟਲ ‘ਤੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀਜੀਆਰ ਅਤੇ ਪੀਜੀ) ਵੱਲੋਂ ਵਿਕਸਤ ਕੀਤੇ ਗਏ ਇਸ ਪੋਰਟਲ ਰਾਹੀਂ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰਕੇ ਹੁਣ ਹਰੇਕ ਨਾਗਰਿਕ ਆਪਣੀਆਂ ਸ਼ਿਕਾਇਤਾਂ ਸਬੰਧਤ ਸਰਕਾਰੀ ਵਿਭਾਗਾਂ ਕੋਲ connect.punjab.gov.in ‘ਤੇ ਜਮਾਂ ਕਰਵਾ ਸਕਦਾ ਹੈ ਜਾਂ ਫੇਰ ਨੇੜੇ ਦੇ ਸੇਵਾ ਕੇਂਦਰ ਵਿੱਚ ਜਾਕੇ ਆਪਣੀ ਅਰਜੀ ਦੇ ਸਕਦਾ ਹੈ।
ਉਨ੍ਹਾਂ ਦੱਸਿਆ ਪੀ.ਜੀ.ਆਰ.ਐਸ. ਵੈਬ ਪੋਰਟਲ ‘ਤੇ ਸੇਵਾ ਕੇਂਦਰ ਤੋਂ ਅਰਜੀ ਦੇਣ ਸਮੇਂ 10 ਰੁਪਏ ਸੇਵਾ ਫੀਸ ਲਈ ਜਾਵੇਗੀ ਅਤੇ ਇਸ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਸਰਕਾਰੀ ਫੀਸ ਨਹੀ ਵਸੂਲੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੋਰਟਲ ਦੇ ਜ਼ਰੀਏ, ਨਾਗਰਿਕ ਆਪਣੀਆਂ ਸ਼ਿਕਾਇਤਾਂ ਦੀ ਸਥਿਤੀ ਬਾਰੇ ਆਨਲਾਈਨ ਜਾਣ ਸਕਣਗੇ ਅਤੇ ਉਨ੍ਹਾਂ ਨੂੰ ਪ੍ਰਕਿਰਿਆ ਦੇ ਹਰ ਪੜਾਅ ‘ਤੇ ਐਸ.ਐਮ.ਐਸ. ਦੁਆਰਾ ਸੂਚਿਤ ਕੀਤਾ ਜਾਵੇਗਾ। ਸ਼ਿਕਾਇਤ ਦਾ ਹੱਲ ਹੋਣ ‘ਤੇ ਉਨਾਂ ਨੂੰ ਫੋਨ ਕਾਲ ਆਵੇਗੀ ਅਤੇ ਜੇ ਉਹ ਸੰਤੁਸ਼ਟ ਨਹੀਂ ਹਨ ਤਾਂ ਉਨ੍ਹਾਂ ਦੀ ਸ਼ਿਕਾਇਤ ਉਚ ਅਧਿਕਾਰੀਆਂ ਕੋਲ ਪਹੁੰਚਾਈ ਜਾਵੇਗੀ।