ਸੇਵਾਮੁਕਤੀ ਤੋਂ ਪਹਿਲਾਂ ਗੋਗੋਈ ਵਲੋਂ ਅਹਿਮ ਫ਼ੈਸਲੇ ਸੁਣਾਏ ਜਾਣ ਦੀ ਸੰਭਾਵਨਾ

ਭਾਰਤ ਦੇ ਚੀਫ ਜਸਟਿਸ ਰੰਜਨ ਗੋਗੋਈ, ਜੋ 17 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ, ਵਲੋਂ ਸੁਪਰੀਮ ਕੋਰਟ ਦੇ ਅਗਲੇ ਅੱਠ ਕੰਮਕਾਜੀ ਦਿਨਾਂ ਦੌਰਾਨ ਰਾਮ ਜਨਮਭੂਮੀ- ਬਾਬਰੀ ਮਸਜਿਦ ਵਿਵਾਦ ਤੇ ਰਾਫ਼ਾਲ ਫ਼ੈਸਲੇ ਸਬੰਧੀ ਰੀਵਿਊ ਪਟੀਸ਼ਨਾਂ ਸਣੇ ਕਈ ਅਹਿਮ ਕੇਸਾਂ ਦਾ ਫ਼ੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਜਸਟਿਸ ਗੋਗੋਈ ਦੀ ਅਗਵਾਈ ਵਾਲੇ ਬੈਂਚ ਵਲੋਂ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਹੱਤਕ ਦਾ ਫ਼ੌਜਦਾਰੀ ਕੇਸ ਦਰਜ ਕਰਨ ਸਬੰਧੀ ਪਟੀਸ਼ਨ ’ਤੇ ਵੀ ਫ਼ੈਸਲਾ ਸੁਣਾਇਆ ਜਾਣਾ ਹੈ। ਇਹ ਪਟੀਸ਼ਨ ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕੀਤੀ ਟਿੱਪਣੀ ‘ਚੌਕੀਦਾਰ ਚੋਰ ਹੈ’ ਦੇ ਸਬੰਧ ਵਿੱਚ ਹੈ। ਜਸਟਿਸ ਗੋਗੋਈ ਦੀ ਅਗਵਾਈ ਵਾਲੇ ਪੰਜ-ਜੱਜਾਂ ਦੇ ਸੰਵਿਧਾਨਿਕ ਬੈਂਚ ਵਲੋਂ ਕੇਰਲ ਦੇ ਸਬਰੀਮਾਲਾ ਮੰਦਰ ਵਿੱਚ ਔਰਤਾਂ ਨੂੰ ਦਾਖ਼ਲ ਹੋਣ ਦੀ ਇਜ਼ਾਜਤ ਸਬੰਧੀ ਉੱਚ ਅਦਾਲਤ ਦੇ ਫ਼ੈਸਲੇ ਸਬੰਧੀ ਰੀਵਿਊ ਪਟੀਸ਼ਨਾਂ ’ਤੇ ਵੀ ਫ਼ੈਸਲਾ ਸੁਣਾਇਆ ਜਾਣਾ ਹੈ। ਜਸਟਿਸ ਗੋਗੋਈ ਦੀ ਅਗਵਾਈ ਵਾਲੇ ਵੱਖਰੇ ਪੰਜ-ਜੱਜਾਂ ਵਾਲੇ ਸੰਵਿਧਾਨਿਕ ਬੈਂਚ ਵਲੋਂ ਸਿਆਸੀ ਤੇ ਧਾਰਮਿਕ ਤੌਰ ’ਤੇ ਸੰਵੇਦਨਸ਼ੀਲ ਰਾਮ ਜਨਮਭੂਮੀ- ਬਾਬਰੀ ਮਸਜਿਦ ਮਾਮਲੇ ਦੀ 40 ਦਿਨ ਲਗਾਤਾਰ ਚੱਲੀ ਸੁਣਵਾਈ ਮਗਰੋਂ ਫ਼ੈਸਲਾ ਰਾਖਵਾਂ ਰੱਖਿਆ ਹੋਇਆ ਹੈ। ਇਸ ਵੇਲੇ ਸਰਬਉੱਚ ਅਦਾਲਤ ਵਿਚ ਦੀਵਾਲੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ ਇਹ 4 ਨਵੰਬਰ ਨੂੰ ਮੁੜ ਖੁੱਲ੍ਹੇਗੀ। ਉਸ ਤੋਂ ਬਾਅਦ ਅਦਾਲਤ ਵਿਚ 11 ਅਤੇ 12 ਨਵੰਬਰ ਨੂੰ ਛੁੱਟੀਆਂ ਹਨ, ਜਿਸ ਕਰਕੇ 17 ਨਵੰਬਰ ਤੱਕ ਕੰਮਕਾਜ ਦੇ ਕੇਵਲ ਅੱਠ ਦਿਨ ਬਣਦੇ ਹਨ।

Previous articleਐੱਸਏ ਬੋਬੜੇ ਹੋਣਗੇ ਭਾਰਤ ਦੇ ਅਗਲੇ ਚੀਫ ਜਸਟਿਸ
Next articleਕਾਰੋਬਾਰੀ ਵਲੋਂ ਪਤਨੀ ਤੇ ਪੁੱਤ ਨੂੰ ਗੋਲੀ ਮਾਰਨ ਮਗਰੋਂ ਖੁਦਕੁਸ਼ੀ