ਸੇਰੇਨਾ ਦੀ ਯੂਐੱਸ ਓਪਨ ਵਿੱਚ ਰਿਕਾਰਡ 100ਵੀਂ ਜਿੱਤ

ਸੇਰੇਨਾ ਵਿਲੀਅਮਜ਼ ਨੇ ਯੂਐੱਸ ਓਪਨ ਵਿੱਚ 100ਵੀਂ ਜਿੱਤ ਦਰਜ ਕਰਦਿਆਂ ਸਿਰਫ਼ 44 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਵਾਂਗ ਕਿਆਂਗ ਨੂੰ ਹਰਾ ਕੇ ਸੈਮੀ-ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਉਸ ਦਾ ਸਾਹਮਣਾ ਯੂਕਰੇਨ ਦੀ ਇਲੀਨਾ ਸਵਿਤੋਲੀਨਾ ਨਾਲ ਹੋਵੇਗਾ। ਛੇ ਵਾਰ ਦੀ ਯੂਐੱਸ ਓਪਨ ਚੈਂਪੀਅਨ ਸੇਰੇਨਾ ਨੇ ਚੀਨ ਦੀ 18ਵਾਂ ਦਰਜਾ ਪ੍ਰਾਪਤ ਵਾਂਗ ਨੂੰ 6-1, 6-0 ਨਾਲ ਹਰਾਇਆ।
ਸੇਰੇਨਾ ਨੇ ਕਿਹਾ, ‘‘ਇਹ ਅਜੀਬ ਹੈ। ਜਦੋਂ ਮੈਂ ਪਹਿਲੀ ਵਾਰ ਯੂਐੱਸ ਓਪਨ ਖੇਡੀ, ਉਦੋਂ ਮੈਂ 16 ਸਾਲ ਦੀ ਸੀ। ਮੈਨੂੰ ਕਦੇ ਨਹੀਂ ਲੱਗਿਆ ਕਿ ਮੈਂ 100 ਮੈਚ ਖੇਡਾਂਗੀ ਅਤੇ ਇੱਥੋਂ ਤੱਕ ਪਹੁੰਚਾਂਗੀ।’’ ਸੇਰੇਨਾ ਦੀਆਂ ਨਜ਼ਰਾਂ ਮਾਰਗਰੇਟ ਕੋਰਟ ਦੇ 24 ਗਰੈਂਡ ਸਲੈਮ ਖ਼ਿਤਾਬਾਂ ਦੇ ਰਿਕਾਰਡ ਦੀ ਬਰਾਬਰੀ ਕਰਨ ’ਤੇ ਹਨ। ਉਸ ਨੇ 2017 ਆਸਟਰੇਲੀਅਨ ਓਪਨ ਮਗਰੋਂ ਕੋਈ ਗਰੈਂਡ ਸਲੈਮ ਨਹੀਂ ਜਿੱਤਿਆ।
ਦੂਜੇ ਪਾਸੇ ਪੰਜਵਾਂ ਦਰਜਾ ਪ੍ਰਾਪਤ ਸਵਿਤੋਲੀਨਾ ਨੇ ਬਰਤਾਨੀਆ ਦੀ ਜੋਹਾਨਾ ਕੌਂਟਾ ਨੂੰ 6-4, 6-4 ਨਾਲ ਹਰਾਇਆ। ਉਹ ਯੂਐੱਸ ਓਪਨ ਸੈਮੀ-ਫਾਈਨਲ ਵਿੱਚ ਪਹੁੰਚਣ ਵਾਲੀ ਯੂਕਰੇਨ ਦੀ ਪਹਿਲੀ ਖਿਡਾਰਨ ਹੈ। ਉਸ ਨੇ ਵੀਨਸ ਵਿਲੀਅਮਜ਼ ਅਤੇ ਮੈਡੀਸਨ ਕੀਅਜ਼ ਨੂੰ ਵੀ ਇਸ ਵਾਰ ਸ਼ਿਕਸਤ ਦਿੱਤੀ। ਆਖ਼ਰੀ ਅੱਠ ਦੇ ਹੋਰ ਮੁਕਾਬਲਿਆਂ ਵਿੱਚ ਕੈਨੇਡਾ ਦੀ ਬਿਆਂਕਾ ਆਂਦਰੀਸਕੂ ਦਾ ਸਾਹਮਣਾ ਬੈਲਜੀਅਮ ਦੀ 25ਵਾਂ ਦਰਜਾ ਪ੍ਰਾਪਤ ਐਲਿਸ ਮਰਟੈਨਜ਼ ਨਾਲ ਹੋਵੇਗਾ। ਇਸੇ ਤਰ੍ਹਾਂ ਸਵਿਟਜ਼ਰਲੈਂਡ ਦੀ 13ਵਾਂ ਦਰਜਾ ਪ੍ਰਾਪਤ ਬੈਲਿੰਡਾ ਬੈਨਸਿਚ ਦਾ ਸਾਹਮਣਾ ਕ੍ਰੋਏਸ਼ੀਆ ਦੀ 23ਵਾਂ ਦਰਜਾ ਪ੍ਰਾਪਤ ਡੋਨਾ ਵੇਕਿਚ ਨਾਲ ਹੋਵੇਗਾ।

Previous articleਬੇਕਾਬੂ ਕਾਰ ਨੇ ਪੰਜ ਦੋ-ਪਹੀਆ ਵਾਹਨ ਦਰੜੇ; ਦੋ ਮੌਤਾਂ
Next articleਭਾਰਤ ਦੀ ਓਮਾਨ ਨਾਲ ਪਹਿਲੀ ਟੱਕਰ ਅੱਜ