ਇੱਥੇ ਸ਼ੁੱਕਰਵਾਰ ਨੂੰ ਇੱਕ ਚਾਰ ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ ’ਚ 19 ਵਿਦਿਆਰਥੀਆਂ ਦੀ ਮੌਤ ਹੋ ਗਈ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਭਿਆਨਕ ਰੂਪ ਧਾਰ ਲਿਆ ਤੇ ਕਈ ਵਿਦਿਆਰਥੀ ਅੱਗ ਤੋਂ ਜਾਨ ਬਚਾਉਣ ਲਈ ਛਾਲਾਂ ਮਾਰਦੇ ਹੋਏ ਮੌਤ ਦੇ ਮੂੰਹ ਵਿੱਚ ਜਾ ਪਏ ਅਤੇ ਟੀਵੀ ਚੈਨਲਾਂ ਨੇ ਇਸ ਹੌਲਨਾਕ ਘਟਨਾ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰ ਲਿਆ। ਇਹ ਇਮਾਰਤ ਇੱਥੇ ਸਾਰਥਾਨਾ ਇਲਾਕੇ ਵਿੱਚ ਪੈਂਦੀ ਹੈ ਅਤੇ ਇਸ ਦਾ ਨਾਂਅ ਤਕਸ਼ਿਲਾ ਕੰਪਲੈਕਸ ਹੈ। ਗੁਜਰਾਤ ਦੇ ਡਿਪਟੀ ਮੁੱਖ ਮੰਤਰੀ ਨਿਤਿਨ ਪਟੇਲ ਨੇ ਇਸ ਘਟਨਾ ਉੱਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਵਿਦਿਆਰਥੀ ਜਾਂ ਤਾਂ ਸਾਹ ਘੁੱਟਣ ਕਾਰਨ ਮਾਰੇ ਗਏ ਅਤੇ ਜਾਂ ਫਿਰ ਜਾਨ ਬਚਾਉਣ ਦੀ ਕੋਸ਼ਿ਼ਸ਼ ਕਰਦਿਆਂ ਇਮਾਰਤ ਤੋਂ ਛਾਲਾਂ ਮਾਰਦੇ ਹੋਏ ਮੌਤ ਦੇ ਮੂੰਹ ਵਿੱਚ ਜਾ ਪਏ। ਉਨ੍ਹਾਂ ਕਿਹਾ ਸਰਕਾਰ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ ਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 10 ਵਿਦਿਆਰਥੀਆਂ ਨੇ ਤੀਜੀ ਅਤੇ ਚੌਥੀ ਮੰਜ਼ਿਲ ਤੋਂ ਛਾਲਾਂ ਮਾਰ ਦਿੱਤੀਆਂ। ਇਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅੱਗ ਬੁਝਾਉਣ ਦੇ ਲਈ 19 ਫਾਇਰ ਟੈਂਡਰਜ਼ ਅਤੇ ਦੋ ਹਾਈਡ੍ਰੌਲਿਕ ਪਲੈਟਫਾਰਮਜ਼ ਲਾਏ ਗਏ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਘਟਨਾ ਦਾ ਜਾਇਜ਼ਾ ਲੈਣ ਲਈ ਮੌਕੇ ਉਤੇ ਜਾਣ ਲਈ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਆਰਥਿਕ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਹੈ।