ਨਵੀਂ ਦਿੱਲੀ (ਸਮਾਜਵੀਕਲੀ) – ਕੋਵਿਡ-19 ਕਾਰਨ ਉਪਜੇ ਸੰਕਟ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਐਲਾਨੇ 21 ਦਿਨਾਂ ਦੇ ਦੇਸ਼ ਵਿਆਪੀ ‘ਲੌਕਡਾਊਨ’ (ਤਾਲਾਬੰਦੀ) ਦੇ 14 ਅਪਰੈਲ ਤੋਂ ਅੱਗੇ ਵਧਣ ਦੀ ਸੰਭਾਵਨਾ ਬਣ ਗਈ ਹੈ। ਮੁੱਖ ਸਰਕਾਰੀ ਬੁਲਾਰੇ ਕੇ.ਐੱਸ. ਢਟਵਾਲੀਆ ਨੇ ਟਵੀਟ ਕੀਤਾ ਕਿ ਕੇਂਦਰ ਜ਼ਿਆਦਾਤਰ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਕੀਤੀਆਂ ਸਿਫ਼ਾਰਿਸ਼ਾਂ ਦੇ ਮੱਦੇਨਜ਼ਰ ਤਾਲਾਬੰਦੀ ਵਧਾਉਣ ’ਤੇ ਵਿਚਾਰ ਕਰ ਰਹੀ ਹੈ।
ਦੱਸਣਯੋਗ ਹੈ ਕਿ ਮੁੱਖ ਮੰਤਰੀਆਂ ਨਾਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਵੀਡੀਓ ਕਾਨਫ਼ਰੰਸ ਵਿਚ ਤਾਲਾਬੰਦੀ ਵਧਾਉਣ ਦਾ ਮੁੱਦਾ ਉੱਭਰਿਆ। ਬਹੁਤੇ ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਤਾਲਾਬੰਦੀ ਦੋ ਹਫ਼ਤੇ ਹੋਰ ਵਧਾਉਣ ਦੀ ਸਿਫ਼ਾਰਿਸ਼ ਕੀਤੀ। ਤਾਲਾਬੰਦੀ ਵਧਾਉਣ ਬਾਰੇ ਸਪੱਸ਼ਟ ਸੰਕੇਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਟਵੀਟ ਤੋਂ ਮਿਲਿਆ। ਕੇਜਰੀਵਾਲ ਨੇ ਟਵੀਟ ਕੀਤਾ ‘ਪ੍ਰਧਾਨ ਮੰਤਰੀ ਨੇ ਤਾਲਾਬੰਦੀ ਵਧਾ ਕੇ ਸਹੀ ਫ਼ੈਸਲਾ ਲਿਆ ਹੈ। ਅੱਜ ਭਾਰਤ ਦੀ ਸਥਿਤੀ ਕਈ ਵਿਕਸਿਤ ਦੇਸ਼ਾਂ ਨਾਲੋਂ ਚੰਗੀ ਹੈ, ਕਿਉਂਕਿ ਅਸੀਂ ਲੌਕਡਾਊਨ ਦਾ ਫ਼ੈਸਲਾ ਕਾਫ਼ੀ ਜਲਦੀ ਲਿਆ। ਜੇ ਹੁਣ ਇਸ ਨੂੰ ਖ਼ਤਮ ਕੀਤਾ ਜਾਂਦਾ ਹੈ ਤਾਂ ਮਿਲਿਆ ਸਾਰਾ ਲਾਭ ਬੇਕਾਰ ਹੋ ਸਕਦਾ ਹੈ।’
ਵੀਡੀਓ ਕਾਨਫ਼ਰੰਸ ਕੋਵਿਡ-19 ਮਹਾਮਾਰੀ ਕਾਰਨ ਬਣ ਰਹੀ ਸਥਿਤੀ ਤੇ ਲੌਕਡਾਊਨ ਬਾਰੇ ਮੁੱਖ ਮੰਤਰੀਆਂ ਦੀ ਰਾਇ ਜਾਣਨ ਲਈ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਮੌਕੇ ਕਿਹਾ ਕਿ ਅਗਲੇ 3-4 ਹਫ਼ਤੇ ਸਰਕਾਰਾਂ ਵੱਲੋਂ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਗਏ ਕਦਮਾਂ ਦੀ ਸਮੀਖ਼ਿਆ ਲਈ ਅਹਿਮ ਸਾਬਿਤ ਹੋਣਗੇ। ਉਨ੍ਹਾਂ ਸੂਬਾ ਸਰਕਾਰਾਂ ਨੂੰ ਲੌਕਡਾਊਨ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ। ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫ਼ਰੰਸ ਮੌਕੇ ਮੋਦੀ ਨੇ ਕਿਹਾ ਕਿ ਸੂਬਿਆਂ ਵਿਚਾਲੇ ਲੌਕਡਾਊਨ ਨੂੰ ਦੋ ਹਫ਼ਤੇ ਹੋਰ ਵਧਾਉਣ ਬਾਰੇ ਸਹਿਮਤੀ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ 21 ਦਿਨਾਂ ‘ਲੌਕਡਾਊਨ’ 25 ਮਾਰਚ ਨੂੰ ਐਲਾਨਿਆ ਗਿਆ ਸੀ। ਮੋਦੀ ਦੇ ਨਾਲ ਕਈ ਸੀਨੀਅਰ ਅਧਿਕਾਰੀਆਂ ਨੇ ਅੱਜ ਚਿੱਟੇ ਮਾਸਕ ਪਹਿਨੇ ਹੋਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਡਾਕਟਰਾਂ ਤੇ ਸਹਾਇਕ ਸਿਹਤ ਅਮਲੇ ਲਈ ਪੀਪੀਈ ਕਿੱਟਾਂ ਤੇ ਹੋਰ ਸਮੱਗਰੀ ਦੀ ਘਾਟ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਮੌਕੇ ਕਈ ਮੁੱਖ ਮੰਤਰੀਆਂ ਨੇ ਵਿੱਤੀ ਪੈਕੇਜ ਤੇ ਆਰਥਿਕ ਸਹਾਇਤਾ ਦੀ ਮੰਗ ਵੀ ਕੀਤੀ ਤਾਂ ਕਿ ਮਹਾਮਾਰੀ ਨਾਲ ਕਾਰਗਰ ਢੰਗ ਨਾਲ ਨਜਿੱਠਿਆ ਜਾ ਸਕੇ। ਪ੍ਰਧਾਨ ਮੰਤਰੀ ਨੇ ਇਸ ਮੌਕੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਸਿਹਤ ਦੇ ਨਾਲ-ਨਾਲ ਧਿਆਨ ਹੁਣ ਮੁਲਕ ਦੀ ਤਰੱਕੀ ’ਤੇ ਵੀ ਲਾਉਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਪਹਿਲਾਂ ਕਿਹਾ ਸੀ ਕਿ ‘ਜਾਨ ਹੈ ਤੋ ਜਹਾਨ ਹੈ’, ਪਰ ਅੱਜ ਉਨ੍ਹਾਂ ਇਸ ਨੂੰ ਬਦਲ ਕੇ ਕਿਹਾ ‘ਜਾਨ ਭੀ ਜਹਾਨ ਭੀ।’ ਇਸ ਤੋਂ ਸੰਕੇਤ ਮਿਲਦਾ ਹੈ ਕਿ ਤਾਲਾਬੰਦੀ ’ਚ ਵਾਧਾ ਕੁਝ ਛੋਟਾਂ ਦੇ ਕੇ ਕੀਤਾ ਜਾ ਸਕਦਾ ਹੈ ਤਾਂ ਕਿ ਅਰਥਚਾਰਾ ਵੀ ਰੁੜ੍ਹਿਆ ਰਹੇ। ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਕਿਹਾ ਕਿ 14 ਅਪਰੈਲ ਤੋਂ ਬਾਅਦ ਦਾ ‘ਲੌਕਡਾਊਨ’ ਪਹਿਲਾਂ ਨਾਲੋਂ ਵੱਖਰਾ ਹੋਵੇਗਾ।
ਇਸ ਕਾਨਫ਼ਰੰਸ ਵਿਚ ਮਮਤਾ ਬੈਨਰਜੀ (ਪੱਛਮੀ ਬੰਗਾਲ), ਊਧਵ ਠਾਕਰੇ (ਮਹਾਰਾਸ਼ਟਰ), ਯੋਗੀ ਆਦਿੱਤਿਆਨਾਥ (ਯੂਪੀ), ਮਨੋਹਰ ਲਾਲ (ਹਰਿਆਣਾ), ਕੇ. ਚੰਦਰਸ਼ੇਖਰ ਰਾਓ (ਤਿਲੰਗਾਨਾ) ਤੇ ਨਿਤੀਸ਼ ਕੁਮਾਰ (ਬਿਹਾਰ) ਨੇ ਹਿੱਸਾ ਲਿਆ। ਕੇਂਦਰ ਸਰਕਾਰ ਨੇ ਵੱਖ-ਵੱਖ ਏਜੰਸੀਆਂ ਤੇ ਹੋਰਨਾਂ ਹਿੱਤਧਾਰਕਾਂ ਕੋਲੋਂ ਵੀ ਕਰੋਨਾਵਾਇਰਸ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵੇਰਵੇ ਹਾਸਲ ਕੀਤੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਤੇ ਉੜੀਸਾ ਸਰਕਾਰਾਂ ਪਹਿਲਾਂ ਹੀ ਤਾਲਾਬੰਦੀ 14 ਅਪਰੈਲ ਤੋਂ ਅੱਗੇ ਵਧਾ ਚੁੱਕੀਆਂ ਹਨ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਾ ਸਰਕਾਰਾਂ ਤੋਂ ਕਈ ਪੱਖਾਂ ਤੋਂ ਜਾਣਕਾਰੀ ਮੰਗੀ ਹੈ। ਸੂਬਾ ਸਰਕਾਰਾਂ ਨੂੰ ਪੁੱਛਿਆ ਗਿਆ ਹੈ ਕਿ ਕੀ ਮੌਜੂਦਾ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਹੋਰ ਕਿਸੇ ਵਰਗ ਦੇ ਵਿਅਕਤੀਆਂ ਜਾਂ ਸੇਵਾਵਾਂ ਨੂੰ ਛੋਟ ਦੇਣ ਦੀ ਲੋੜ ਹੈ।