ਕਰਤਾਰਪੁਰ ਲਾਂਘਾ: ਭਾਰਤ ਨੇ ਵੀਜ਼ਾ ਮੁਕਤ ਰਸਾਈ ਮੰਗੀ

ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਦੋਵਾਂ ਮੁਲਕਾਂ ਵਿਚਾਲੇ ਜਾਰੀ ਕਸ਼ੀਦਗੀ ਦਰਮਿਆਨ ਭਾਰਤ ਤੇ ਪਾਕਿਸਤਾਨ ਨੇ ਅੱਜ ਇਥੇ ਅਟਾਰੀ-ਵਾਹਗਾ ਸਰਹੱਦ ’ਤੇ ਭਾਰਤ ਵਾਲੇ ਪਾਸੇ ਕਾਫ਼ੀ ‘ਨਿੱਘੇ ਮਾਹੌਲ’ ਵਿੱਚ ਮੀਟਿੰਗ ਕੀਤੀ। ਕਰਤਾਰਪੁਰ ਲਾਂਘੇ ਨੂੰ ਲੈ ਕੇ ਹੋਈ ਮੀਟਿੰਗ ਦੌਰਾਨ ਪ੍ਰਾਜੈਕਟ ਨਾਲ ਸਬੰਧਤ ਕਾਰਜਵਿਧੀ ਦੇ ਖਰੜੇ ਨੂੰ ਅੰਤਿਮ ਰੂਪ ਦੇਣ ਲਈ ਚਰਚਾ ਕੀਤੀ ਗਈ। ਭਾਰਤ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਲਈ ਵੀਜ਼ਾ ਮੁਕਤ ਰਸਾਈ ਦੀ ਮੰਗ ਕੀਤੀ। ਇਸ ਦੌਰਾਨ ਦੋਵੇਂ ਮੁਲਕ 2 ਅਪਰੈਲ ਨੂੰ ਵਾਹਗਾ ਵਿਖੇ ਦੂਜੀ ਮੀਟਿੰਗ ਕਰਨ ਲਈ ਸਹਿਮਤ ਹੋ ਗਏ ਹਨ। ਉਂਜ ਇਸ ਤੋਂ ਪਹਿਲਾਂ 19 ਮਾਰਚ ਨੂੰ ਜ਼ੀਰੋ ਲਾਈਨ ’ਤੇ ਲਾਂਘੇ ਦੀ ਕਤਾਰਬੰਦੀ ਲਈ ਤਕਨੀਕੀ ਮਾਹਿਰਾਂ ਦੀ ਮੀਟਿੰਗ ਹੋਵੇਗੀ। ਇਹ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ਨਾਲ ਜੋੜੇਗਾ।ਮੀਟਿੰਗ ਉਪਰੰਤ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਦੋਵਾਂ ਧਿਰਾਂ ਨੇ ਕਿਹਾ ਕਿ ਉਨ੍ਹਾਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਸਹਿਮਤੀ ਦਿੰਦਿਆਂ ਵੱਖ ਵੱਖ ਪਹਿਲੂਆਂ ’ਤੇ ਤਫ਼ਸੀਲੀ ਤੇ ਉਸਾਰੂ ਵਿਚਾਰ ਚਰਚਾ ਕੀਤੀ। ਬਿਆਨ ਮੁਤਾਬਕ ਦੋਵੇਂ ਮੁਲਕ ਅਗਲੀ ਮੀਟਿੰਗ 2 ਅਪਰੈਲ ਨੂੰ ਵਾਹਗਾ ਵਿੱਚ ਕਰਨ ਲਈ ਸਹਿਮਤ ਹੋ ਗਏ ਹਨ। ਇਸ ਤੋਂ ਪਹਿਲਾਂ 19 ਮਾਰਚ ਨੂੰ ਤਜਵੀਜ਼ਤ ਸਿਫ਼ਰ ਪੁਆਇੰਟ ’ਤੇ ਲਾਂਘੇ ਦੀ ਕਤਾਰਬੰਦੀ ਨੂੰ ਅੰਤਿਮ ਰੂਪ ਦੇਣ ਲਈ ਤਕਨੀਕੀ ਮਾਹਿਰਾਂ ਦੀ ਮੀਟਿੰਗ ਹੋਵੇਗੀ। ਅੱਜ ਦੀ ਉੱਚ ਪੱਧਰੀ ਮੀਟਿੰਗ ਵਿੱਚ ਭਾਰਤ ਵੱਲੋਂ ਗ੍ਰਹਿ ਮੰਤਰਾਲੇ ’ਚ ਜੁਆਇੰਟ ਸਕੱਤਰ ਐਸਸੀਐਲ ਦਾਸ ਅਤੇ ਸ੍ਰੀਮਤੀ ਨਿਧੀ ਖਰੇ ਸਮੇਤ ਹੋਰ ਉੱਚ ਅਧਿਕਾਰੀ ਸ਼ਾਮਲ ਹੋਏ। ਪਾਕਿਸਤਾਨੀ ਟੀਮ ਦੀ ਅਗਵਾਈ ਡਾ. ਮੁਹੰਮਦ ਫੈਸਲ ਡਾਇਰੈਕਟਰ ਜਨਰਲ (ਦੱਖਣੀ ਏਸ਼ੀਆ ਅਤੇ ਸਾਰਕ) ਨੇ ਕੀਤੀ। ਪੰਜਾਬ ਸਰਕਾਰ ਵੱਲੋਂ ਸਕੱਤਰ (ਲੋਕ ਨਿਰਮਾਣ ਵਿਭਾਗ) ਹੁਸਨ ਲਾਲ ਮੀਟਿੰਗ ਵਿੱਚ ਸ਼ਾਮਲ ਹੋਏ। ਜੁਆਇੰਟ ਸਕੱਤਰ ਦਾਸ ਅਤੇ ਸ੍ਰੀਮਤੀ ਨਿਧੀ ਖਰੇ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਣਾਉਣ ਲਈ ਭਾਰਤ ਸਰਕਾਰ ਨੇ ਵੱਖ-ਵੱਖ ਗਤੀਵਿਧੀਆਂ ਵਿਉਂਤੀਆਂ ਹਨ। ਇਨ੍ਹਾਂ ਵਿੱਚੋਂ ਇਕ ਯੋਜਨਾ ਕਰਤਾਰਪੁਰ ਸਾਹਿਬ ਲਾਂਘੇ ਲਈ ਡੇਰਾ ਬਾਬਾ ਨਾਨਕ ਵਿੱਚ ਯਾਤਰੀ ਟਰਮੀਨਲ ਬਿਲਡਿੰਗ ਕੰਪਲੈਕਸ ਦਾ ਨਿਰਮਾਣ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਇਮਾਰਤ ਨੂੰ ਬਣਾਉਣ ਦੀ ਜ਼ਿੰਮੇਵਾਰੀ ਭਾਰਤੀ ਲੈਂਡ ਪੋਰਟ ਅਥਾਰਟੀ ਨੂੰ ਦਿੱਤੀ ਗਈ ਹੈ, ਜੋ ਦੇਸ਼ ਦੀਆਂ ਜ਼ਮੀਨੀ ਸਰਹੱਦਾਂ ’ਤੇ ਇੰਟੈਗਰੇਟਿਡ ਚੈੱਕ ਪੋਸਟਾਂ ਨੂੰ ਵਿਕਸਤ ਕਰਨ ਅਤੇ ਚਲਾਉਣ ਦਾ ਕੰਮ ਕਰਦੀ ਹੈ। ਸ੍ਰੀ ਲਾਲ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ 50 ਏਕੜ ਜ਼ਮੀਨ ਦੀ ਸ਼ਨਾਖਤ ਕਰ ਲਈ ਹੈ, ਜਿਸ ਨੂੰ ਦੋ ਪੜਾਵਾਂ ਵਿੱਚ ਵਿਕਸਤ ਕੀਤਾ ਜਾਵੇਗਾ। ਪਹਿਲੀ ਪੜਾਅ ਵਿੱਚ 15 ਏਕੜ ਤੋਂ ਵੱਧ ਜ਼ਮੀਨ ’ਤੇ ਕੰਮ ਕੀਤਾ ਜਾਵੇਗਾ। ਇਸ ਜ਼ਮੀਨ ਉੱਤੇ ਯਾਤਰੀ ਟਰਮੀਨਲ ਬਿਲਡਿੰਗ ਕੰਪਲੈਕਸ ਦੀ ਸ਼ਾਨਦਾਰ ਇਮਾਰਤ ਅਤੇ ਖੂਬਸੂਰਤ ਲੈਂਡ ਸਕੇਪਿੰਗ ਦੇ ਨਾਲ ਅਮੀਰ ਭਾਰਤੀ ਸਭਿਆਚਾਰਕ ਕਦਰਾਂ-ਕੀਮਤਾਂ ਦੇ ਅਧਾਰ ’ਤੇ ਬੁੱਤ ਅਤੇ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਸ ਕੰਪਲੈਕਸ ਦਾ ਡਿਜ਼ਾਈਨ ‘ਖੰਡੇ’ ਤੋਂ ਪ੍ਰੇਰਿਤ ਹੈ, ਜੋ ਏਕਤਾ ਅਤੇ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਹੈ। ਇਹ ਇਮਾਰਤ ਦਿਵਿਆਂਗ ਅਤੇ ਬਿਰਧ ਵਿਅਕਤੀਆਂ ਦੇ ਆਉਣ-ਜਾਣ ਨੂੰ ਧਿਆਨ ਵਿਚ ਰੱਖ ਕੇ ਬਣਾਈ ਜਾਵੇਗੀ। ਇਹ ਇਮਾਰਤ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਪ੍ਰਤੀ ਦਿਨ ਜਾਣ ਵਾਲੇ ਲਗਪਗ 5000 ਸ਼ਰਧਾਲੂਆਂ ਦੀਆਂ ਲੋੜਾਂ ਨੂੰ ਪੂਰਾ ਕਰੇਗੀ। ਇਸ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਜ਼ ਕਲੀਅਰੈਂਸ ਦੀਆਂ ਲੋੜੀਂਦੀਆਂ ਸਹੂਲਤਾਂ ਅਤੇ ਹੋਰ ਸੁਵਿਧਾਵਾਂ ਸ਼ਾਮਲ ਹੋਣਗੀਆਂ। ਇਸ ਨੂੰ ਸੀਸੀਟੀਵੀ ਕੈਮਰਿਆਂ ਸਮੇਤ ਹੋਰ ਆਧੁਨਿਕ ਸੁਰੱਖਿਆ ਪ੍ਰਣਾਲੀਆਂ ਨਾਲ ਲੈਸ ਕੀਤਾ ਜਾਵੇਗਾ। ਇਸ ਨੂੰ ਨਵੰਬਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਯਾਦਗਾਰੀ ਸਮਾਰੋਹ ਤੋਂ ਪਹਿਲਾਂ ਬਣਾਏ ਜਾਣ ਦੀ ਯੋਜਨਾ ਹੈ। ਸ੍ਰੀ ਲਾਲ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਲਾਂਘੇ ਨੂੰ ਛੇਤੀ ਪੂਰਾ ਕਰਨ ਲਈ ਕੇਂਦਰ ਸਰਕਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ।

Previous articleਮੁੰਬਈ ਵਿੱਚ ਰੇਲਵੇ ਪੁਲ ਡਿੱਗਿਆ; 6 ਮੌਤਾਂ
Next articleਗੋਲਫ: ਇੰਡੀਅਨ ਓਪਨ ’ਚ ਸਭ ਦੀ ਨਜ਼ਰਾਂ ਸ਼ੁਭੰਕਰ ਤੇ ਲਹਿੜੀ ’ਤੇ