ਨੂਰਪੁਰ ਬੇਦੀ ਸਰਕਾਰ ਵੱਲੋਂ ਪਿੰਡ ਸੁੱਖੇਮਾਜਰਾ ਵਿੱਚ ਖੋਲ੍ਹੀ ਗਊਸ਼ਾਲਾ ’ਚ ਗਊਆਂ ਤੇ ਸਾਨ੍ਹਾਂ ਦੀ ਹਾਲਤ ਤਰਸਯੋਗ ਹੋਣ ਕਾਰਨ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਦੇ ਸੁਧਾਰ ਲਈ ਮੰਗ ਕੀਤੀ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਦਾ ਸੁਧਾਰ ਕਰਨ ਲਈ 5 ਜਨਵਰੀ ਤੱਕ ਅਲਟੀਮੈਂਟਮ ਦਿੱਤਾ ਹੈ। ਜਾਣਕਾਰੀ ਮੁਤਾਬਕ ਉਕਤ ਗਊਸ਼ਾਲਾ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਤੋਂ ਲਾਵਾਰਿਸ ਪਸ਼ੂ ਲਿਆਏ ਜਾਂਦੇ ਹਨ। ਅੱਜ ਸੁੱਖੇਮਾਜਰਾ ਗਊਸ਼ਾਲਾ ਵਿੱਚ ਸ੍ਰੀ ਆਨੰਦਪੁਰ ਸਾਹਿਬ ਨਗਰ ਕੌਂਸਲ ਵੱਲੋਂ ਟੈਂਪੂਆਂ ’ਚ ਲੱਕ ਕੇ ਲਾਵਾਰਿਸ ਗਊਆਂ ਤੇ ਸਾਨ੍ਹ ਲਿਆਂਦੇ ਗਏ। ਜਦੋਂ ਪਿੰਡਾਂ ਦੇ ਲੋਕਾਂ ਨੂੰ ਜਦੋਂ ਪਤਾ ਲੱਗਿਆ ਕਿ ਇਸ ਗਊਸ਼ਾਲਾ ਵਿੱਚ ਹੋਰ ਪਸ਼ੂ ਲਿਆਂਦੇ ਜਾ ਰਹੇ ਹਨ ਤਾਂ ਉਨ੍ਹਾਂ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਗਊਸ਼ਾਲਾ ਵਿੱਚ ਦਾਖਲ ਨਹੀਂ ਹੋਣ ਦਿੱਤਾ ਤੇ ਉਨ੍ਹਾਂ ਨੂੰ ਪਸ਼ੂ ਵਾਪਸ ਲਿਜਾਉਣ ਲਈ ਮਜ਼ਬੂਰ ਹੋਣਾ ਪਿਆ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਗਊਸ਼ਾਲਾ ’ਚ ਗਊਆਂ ਲਈ ਢੁਕਵੇਂ ਪ੍ਰਬੰਧ ਨਾ ਕੀਤੇ ਗਏ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਸਮਾਜ ਸੇਵੀ ਬਾਬਾ ਦਿਲਬਾਗ ਸਿੰਘ ਨੇ ਕਿਹਾ ਹੈ ਕਿ ਉਹ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਨੂਰਪੁਰ ਬੇਦੀ-ਗੜ੍ਹਸ਼ੰਕਰ ਮੇਨ ਮਾਰਗ ਦੇ ਆਵਾਜਾਈ ਠੱਪ ਕਰਨਗੇ। ਸਤਨਾਮ ਸਿੰਘ ਝੱਜ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਇਹੋ ਹਾਲ ਰਿਹਾ ਤਾਂ ਉਹ ਇਨ੍ਹਾਂ ਲਾਵਾਰਿਸ ਪਸ਼ੂਆਂ ਨੂੰ ਟਰੱਕਾਂ ਵਿੱਚ ਲੱਦ ਕੇ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਫ਼ਤਰ ਅਗੇ ਛੱਡ ਕੇ ਆਉਣਗੇ। ਦੱਸਣਯੋਗ ਹੈ ਕਿ ਉਕਤ ਗਊਸ਼ਾਲਾ ਵਿੱਚ ਚਾਰਾ ਤੇ ਹੋਰ ਸਮੱਗਰੀ ਨਾ ਹੋਣ ਤੇ ਠੰਢ ਤੋਂ ਬਚਾਅ ਲਈ ਕੋਈ ਪ੍ਰਬੰਧ ਨਾ ਹੋਣ ਕਾਰਨ ਸੌ ਤੋਂ ਵੱੱਧ ਗਊਆਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਜਾਰੰਗਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਇਸ ਗਊਸ਼ਾਲਾ ਵਿੱਚ ਹਰ ਤਰ੍ਹਾਂ ਦੀ ਸਮੱਗਰੀ ਮਹੁੱਈਆ ਕਰਵਾਈ ਜਾ ਰਹੀ ਹੈ। ਸੇਵਾਮੁਕਤ ਵੈਟਨਰੀ ਅਫ਼ਸਰ ਡਾ. ਆਨੰਤ ਰਾਮ ਨੇ ਕਿਹਾ ਸੀ ਕਿ ਪਸ਼ੂਆਂ ਨੂੰ ਜ਼ਿਆਦਾ ਠੰਢ ਵਿੱਚ ਪ੍ਰੇਸ਼ਾਨੀ ਆ ਰਹੀ ਹੈ, ਜਿਸ ਕਾਰਨ ਗਊਆਂ ਤੇ ਸਾਨ੍ਹਾਂ ਦੀ ਮੌਤ ਹੋ ਰਹੀ ਹੈ।