ਸੰਗਰੂਰ ਦੀ ਲੜਕੀ ਦੀ ਚੰਡੀਗੜ੍ਹ ਦੇ ਹੋਟਲ ਵਿੱਚ ਹੱਤਿਆ

ਚੰਡੀਗੜ੍ਹ- ਇਥੋਂ ਦੇ ਇੰਡਸਟਰੀਅਲ ਏਰੀਆ ਫੇਜ਼-2 ਦੇ ਹੋਟਲ ’ਚ ਲੜਕੀ ਦਾ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਸਰਬਜੀਤ ਕੌਰ (28) ਵਾਸੀ ਪਿੰਡ ਕਾਕੜਾ, ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ ਜੋ ਕਿ ਮੁਹਾਲੀ ’ਚ ਨਰਸ ਸੀ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਲਈ ਹੈ। ਜਾਣਕਾਰੀ ਅਨੁਸਾਰ 30 ਦਸੰਬਰ ਨੂੰ ਸਰਬਜੀਤ ਕੌਰ ਅਤੇ ਉਸ ਦੇ ਦੋਸਤ ਮਨਿੰਦਰ ਸਿੰਘ ਨੇ ਹੋਟਲ ’ਚ ਦੋ ਦਿਨਾਂ ਲਈ ਕਮਰਾ ਬੁੱਕ ਕਰਵਾਇਆ ਸੀ ਤੇ ਉਨ੍ਹਾਂ ਨੇ ਅੱਜ ਕਮਰਾ ਦੁਪਹਿਰ 12 ਵਜੇ ਕਮਰਾ ਖਾਲੀ ਕਰਨਾ ਸੀ ਪਰ ਬਾਅਦ ਦੁਪਹਿਰ 1.30 ਵਜੇ ਤੱਕ ਉਨ੍ਹਾਂ ਦੇ ਬਾਹਰ ਨਾ ਆਉਣ ’ਤੇ ਹੋਟਲ ਸਟਾਫ਼ ਵੱਲੋਂ ਦਰਵਾਜ਼ਾ ਖੜਕਾਇਆ ਗਿਆ। ਕਾਫ਼ੀ ਦੇਰ ਅੰਦਰੋਂ ਕੋਈ ਜਵਾਬ ਨਾ ਮਿਲਣ ’ਤੇ ਹੋਟਲ ਸਟਾਫ਼ ਨੇ ਦੂਜੀ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਬੈੱਡ ’ਤੇ ਲੜਕੀ ਦੀ ਲਾਸ਼ ਪਈ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸਐੱਸਪੀ ਨੀਲਾਂਬਰੀ ਜਗਦਲੇ ਨੇ ਐੱਸਪੀ ਸ਼ਹਿਰੀ ਅਤੇ ਥਾਣਾ ਸੈਕਟਰ-31 ਦੀ ਪੁਲੀਸ ਨਾਲ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਾਇਜ਼ਾ ਲਿਆ। ਹੋਟਲ ਰਿਕਾਰਡ ਅਨੁਸਾਰ ਸਰਬਜੀਤ ਕੌਰ 30 ਦਸੰਬਰ ਰਾਤ ਨੂੰ ਆਪਣੇ ਸਾਥੀ ਮਨਿੰਦਰ ਸਿੰਘ ਨਾਲ ਆਈ ਸੀ ਅਤੇ ਉਸੇ ਰਾਤ 11.56 ਵਜੇ ਮਨਿੰਦਰ ਚਲਾ ਗਿਆ ਸੀ ਤੇ ਵਾਪਸ ਨਹੀਂ ਆਇਆ। ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮਨਿੰਦਰ ਸਿੰਘ ਵਾਸੀ ਚੰਡੀਗੜ੍ਹ ਖ਼ਿਲਾਫ਼ ਸੈਕਟਰ 31 ਦੇ ਥਾਣੇ ’ਚ ਕਤਲ ਦਾ ਕੇਸ ਦਰਜ ਕਰ ਲਿਆ ਹੈ। ਐੱਸਐੱਸਪੀ ਜਗਦਲੇ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵਾਂ ਵਿਚਾਲੇ ਦੋ ਸਾਲਾਂ ਤੋਂ ਸਬੰਧ ਸਨ। ਮਨਿੰਦਰ ਸਿੰਘ ਖ਼ਿਲਾਫ਼ ਸਾਲ 2010 ’ਚ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਪੁਲੀਸ ਨੇ ਕਤਲ ਦਾ ਕੇਸ ਦਰਜ ਕੀਤਾ ਸੀ। ਉਸ ਨੂੰ ਇਸ ਕੇਸ ਵਿੱਚ ਹੇਠਲੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ ਪਰ ਉਹ ਹਾਈ ਕੋਰਟ ’ਚ ਅਪੀਲ ਦਾਇਰ ਕਰ ਕੇ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਹੈ।

Previous articleRio welcomes a record 2.9 mn people to New Year’s celebration
Next articleਸੁੱਖੇਮਾਜਰਾ ਗਊਸ਼ਾਲਾ ਵਿਵਾਦ: ਲੋਕਾਂ ਨੇ ਪਸ਼ੂ ਵਾਪਸ ਭੇਜੇ