ਸੁਲਤਾਨਪੁਰ ਲੋਧੀ ‘ਚ ਪੰਜਾਬ ਸਰਕਾਰ ਤੇ ਐੱਸਜੀਪੀਸੀ ਦੀ ਹੋਵੇਗੀ ਵੱਖੋ-ਵੱਖਰੀ ਸਟੇਜ

ਅੰਮਿ੍ਤਸਰ : ਸੁਲਤਾਨਪੁਰ ਲੋਧੀ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸੋਮਵਾਰ ਨੂੰ ਜੋ ਫ਼ੈਸਲਾ ਦਿੱਤਾ ਗਿਆ ਹੈ ਉਹ ਵੀ ਸਾਂਝੀ ਸਟੇਜ ਨੂੰ ਲੈ ਕੇ ਉੱਠੇ ਧੂੰਏਂ ਦੇ ਬੱਦਲ ਸਾਫ਼ ਨਹੀਂ ਕਰ ਸਕਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪਾਸੇ ਕਿਹਾ ਕਿ ਮੁੱਖ ਸਟੇਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਵੇਗੀ ਤੇ ਪ੍ਰੋਗਰਾਮ ਦਾ ਸੰਚਾਲਨ ਵੀ ਐੱਸਜੀਪੀਸੀ ਕਰੇਗੀ, ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਿਆਸੀ ਪਾਰਟੀਆਂ ਵੀ ਆਪਣੀਆਂ ਸਟੇਜਾਂ ਲਾ ਸਕਦੀਆਂ ਹਨ ਪਰ ਇਸ ਪ੍ਰੋਗਰਾਮ ਵਿਚ ਕੋਈ ਸਿਆਸੀ ਗੱਲ ਨਹੀਂ ਹੋਵੇਗੀ, ਸਿਰਫ਼ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਆਦਿ ‘ਤੇ ਹੀ ਗੱਲ ਹੋਵੇਗੀ।

ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਮੁੱਖ ਸਮਾਗਮ ਦੀ ਸਟੇਜ ‘ਤੇ ਧਾਰਮਿਕ ਸ਼ਖ਼ਸੀਅਤਾਂ, ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਉਨ੍ਹਾਂ ਦੇ ਨੁਮਾਇੰਦੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਪੰਜਾਬ ਦੇ ਮੌਜੂਦਾ ਤੇ ਸਾਬਕਾ ਮੁੱਖ ਮੰਤਰੀ ਤੇ ਦੇਸ਼ ਦੇ ਇਕ ਸਾਬਕਾ ਪ੍ਰਧਾਨ ਮੰਤਰੀ ਹੋਣਗੇ। ਇਸ ਸਟੇਜ ਤੋਂ ਕੋਈ ਸਿਆਸੀ ਗੱਲ ਨਹੀਂ ਹੋਵੇਗੀ। ਸਿਰਫ਼ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਜੀਵਨ ਸਬੰਧੀ ਹੀ ਚਰਚਾ, ਸੰਦੇਸ਼ ਤੇ ਵਿਚਾਰ ਸਾਂਝੇ ਹੋਣਗੇ।

ਉਧਰ ਪੰਜਾਬ ਸਰਕਾਰ ਨੇ ਵੀ ਆਪਣੀ ਸਟੇਜ ਲਾਉਣ ਦਾ ਫ਼ੈਸਲਾ ਕਰ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਦੋ ਮੈਂਬਰੀ ਕਮੇਟੀ ਦੇ ਮੈਂਬਰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਆਦੇਸ਼ ਦਾ ਪਾਲਣ ਕਰਦਿਆਂ ਪੰਜਾਬ ਸਰਕਾਰ ਦੀ ਸਟੇਜ ਤੋਂ ਕੋਈ ਸਿਆਸੀ ਗੱਲ ਨਹੀਂ ਹੋਵੇਗੀ ਸਿਰਫ਼ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਹੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਇਹ ਸਪੱਸ਼ਟ ਕਰਦਾ ਹਾਂ ਕਿ ਪੰਜਾਬ ਸਰਕਾਰ ਵੱਲੋਂ ਲਾਈ ਜਾ ਰਹੀ ਸਟੇਜ ਕਿਸੇ ਸਿਆਸੀ ਪਾਰਟੀ ਦੀ ਨਹੀਂ ਬਲਕਿ ਸੂਬਾ ਸਰਕਾਰ ਦੀ ਹੈ ਜਿਸ ਨੂੰ ਪੰਜਾਬ ਦੇ ਲੋਕਾਂ ਨੇ ਭਾਰੀ ਬਹੁਮਤ ਨਾਲ ਸੇਵਾ ਸੌਂਪੀ ਹੈ। 12 ਨਵੰਬਰ ਦੇ ਪ੍ਰੋਗਰਾਮ ਮੁੱਖ ਮੰਤਰੀ ਦੀ ਅਗਵਾਈ ਵਾਲੀ ਪ੍ਰਬੰਧਕੀ ਕਮੇਟੀ ਬਣਾਏਗੀ।

ਸਾਫ਼ ਹੈ ਕਿ ਗੁਰਪੁਰਬ ਮੌਕੇ ਦੋ ਸਟੇਜਾਂ ਹੀ ਲੱਗਣਗੀਆਂ। ਦਰਅਸਲ ਸਟੇਜ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਿਠਾਉਣ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਇਤਰਾਜ਼ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਕਿਸੇ ਇਕ ਸਿਆਸੀ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਨੂੰ ਜੇ ਸਟੇਜ ‘ਤੇ ਬਿਠਾਇਆ ਜਾਵੇਗਾ ਤਾਂ ਹੋਰਨਾਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਵੀ ਬਿਠਾਉਣਾ ਪਵੇਗਾ।

ਬਾਦਲ ਸਟੇਜ ‘ਤੇ ਬੈਠਣਗੇ ਕਿ ਨਹੀਂ ਇਸ ਨੂੰ ਲੈ ਕੇ ਫ਼ੈਸਲਾ ਅੱਜ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਹੋਣਾ ਸੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਚਕਾਰਲਾ ਰਾਹ ਅਪਣਾਉਂਦਿਆਂ ਮੁੱਖ ਸਮਾਗਮ ਜਿੱਥੇ ਐੱਸਜੀਪੀਸੀ ਨੂੰ ਸੌਂਪ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਸਟੇਜ ‘ਤੇ ਬਿਠਾਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ ਉੱਥੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਵੱਖਰੀ ਸਟੇਜ ਲਾਉਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ।

ਉਨ੍ਹਾਂ ਕਿਹਾ ਕਿ 11-12 ਨਵੰਬਰ ਨੂੰ ਕਰਵਾਏ ਜਾ ਰਹੇ ਮੁੱਖ ਸਮਾਗਮ ਗੁਰਦੁਆਰਾ ਬੇਰ ਸਾਹਿਬ ਵੱਲੋਂ ਬਣਾਈ ਗਈ ਐੱਸਜੀਪੀਸੀ ਦੀ ਸਟੇਜ ‘ਤੇ ਸਾਂਝੇ ਰੂਪ ਵਿਚ ਹੋਣਗੇ। ਇਸ ਸਟੇਜ ‘ਤੇ ਕੋਈ ਵੀ ਆਗੂ ਕਿਸੇ ਵੀ ਪਾਰਟੀ ਦਾ ਪੁੱਜ ਸਕਦਾ ਹੈ। ਹਰ ਪਾਰਟੀ ਦੇ ਸਜਦਾ ਕਰਨ ਪੁੱਜੇ ਆਗੂ ਨੂੰ ਐੱਸਜੀਪੀਸੀ ਵੱਲੋਂ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ।

ਸੁਲਤਾਨਪੁਰ ਲੋਧੀ ‘ਚ ਵੱਖ-ਵੱਖ ਸਿਆਸੀ ਪਾਰਟੀਆਂ ਤੇ ਜਮਾਤਾਂ ਆਪਣੀ-ਆਪਣੀ ਸਟੇਜ ਲਾਉਂਦੀਆਂ ਹਨ ਤਾਂ ਉਨ੍ਹਾਂ ਸਟੇਜਾਂ ‘ਤੇ ਕੋਈ ਸਿਆਸੀ ਚਰਚਾ ਨਾ ਕੀਤੀ ਜਾਵੇ। ਸਿਰਫ਼ ਤੇ ਸਿਰਫ਼ ਗੁਰੂ ਸਾਹਿਬ ਨਾਲ ਸਬੰਧਿਤ ਸੰਦੇਸ਼ ਹੀ ਦਿੱਤੇ ਜਾਣ। ਸਿੰਘ ਸਾਹਿਬ ਨੇ ਇਹ ਸੰਦੇਸ਼ ਦਿੰਦਿਆਂ ਸਰਕਾਰ ਦੀ ਉਹ ਤਜਵੀਜ਼ ਰੱਦ ਕਰ ਦਿੱਤੀ ਹੈ ਜਿਸ ਵਿਚ ਸਰਕਾਰ ਨੇ ਕਿਹਾ ਸੀ ਕਿ ਉਹ ਸਟੇਜ ਤਿਆਰ ਕਰ ਕੇ ਦੇਵੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਹੇਠ ਸਾਰੇ ਪ੍ਰੋਗਰਾਮ ਸਰਕਾਰ ਵੱਲੋਂ ਸਥਾਪਤ ਕੀਤੀ ਗਈ ਸਟੇਜ ‘ਤੇ ਕਰਵਾਏ ਜਾਣ।

ਇਹ ਸਾਰੇ ਫ਼ੈਸਲੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਲਏ ਗਏ। ਮੀਟਿੰਗ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੋ ਪੰਜ ਪਿਆਰਿਆਂ ਨੂੰ ਸ਼ਾਮਲ ਕਰ ਕੇ ਪੰਜ ਸਿੰਘ ਸਾਹਿਬਾਨ ਦਾ ਕੋਰਮ ਪੂਰਾ ਕੀਤਾ ਗਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਮੌਜੂਦ ਸਨ।

Previous articleਤੁਗਲਕਾਬਾਦ ‘ਚ ਉਸੇ ਜਗ੍ਹਾ ਮੁੜ ਬਣੇਗਾ ਰਵਿਦਾਸ ਮੰਦਰ, ਸੁਪਰੀਮ ਕੋਰਟ ਨੇ ਦਿੱਤੀ ਮਨਜੂਰੀ
Next articleਪਾਕਿਸਤਾਨ ਫ਼ੌਜ ਨੇ ਪੁੰਛ ‘ਚ ਕੀਤੀ ਭਾਰੀ ਗੋਲ਼ਾਬਾਰੀ, ਭਾਰਤੀ ਫ਼ੌਜ ਨੇ ਦਿੱਤਾ ਕਰਾਰ ਜਵਾਬ