ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫ਼ੈਂਡਰ ਸੁਨੀਤਾ ਲਾਕੜਾ ਨੇ ਵੀਰਵਾਰ ਗੋਡੇ ਦੀ ਸੱਟ ਕਾਰਨ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਉਹ 2018 ਦੀਆਂ ਏਸ਼ਿਆਈ ਖੇਡਾਂ ’ਚ ਚਾਂਦੀ ਦਾ ਤਗ਼ਮਾ ਜੇਤੂ ਭਾਰਤੀ ਟੀਮ ਦਾ ਹਿੱਸਾ ਸੀ। ਸੁਨੀਤਾ ਨੇ ਕਿਹਾ ਕਿ ਗੋਡੇ ਦੀ ਸੱਟ ਕਾਰਨ ਉਸ ਨੂੰ ਦੁਬਾਰਾ ਸਰਜਰੀ ਕਰਵਾਉਣੀ ਪਵੇਗੀ ਜਿਸ ਕਾਰਨ ਉਹ ਖੇਡ ਨੂੰ ਅਲਵਿਦਾ ਕਹਿ ਰਹੀ ਹੈ। ਇਸ ਦੇ ਨਾਲ ਹੀ 28 ਵਰ੍ਹਿਆਂ ਦੀ ਖਿਡਾਰਨ ਦਾ ਟੋਕੀਓ ਓਲੰਪਿਕ ਖੇਡਣ ਦਾ ਸੁਪਨਾ ਵੀ ਟੁੱਟ ਗਿਆ ਹੈ। ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ਅਨੁਸਾਰ ਉਸ ਨੇ ਕਿਹਾ, ‘‘ਅੱਜ ਮੇਰੇ ਲਈ ਬਹੁਤ ਭਾਵੁਕ ਦਿਨ ਹੈ ਕਿਉਂਕਿ ਮੈਂ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ। ਸੁਨੀਤਾ ਨੇ 2008 ’ਚ ਭਾਰਤੀ ਟੀਮ ਦਾ ਹਿੱਸਾ ਬਣਨ ਮਗਰੋਂ 2018 ਦੀ ਏਸ਼ਿਆਈ ਚੈਂਪੀਅਨਸ਼ਿਪ ਟਰਾਫ਼ੀ ਦੌਰਾਨ ਭਾਰਤ ਦੀ ਕਪਤਾਨੀ ਕੀਤੀ ਜਿਸ ਵਿੱਚ ਟੀਮ ਦੂਜੇ ਸਥਾਨ ’ਤੇ ਰਹੀ ਸੀ। ਉਸ ਨੇ ਭਾਰਤ ਲਈ 139 ਮੈਚ ਖੇਡੇ ਅਤੇ 2014 ’ਚ ਉਹ ਏਸ਼ਿਆਈ ਖੇਡਾਂ ’ਚ ਕਾਂਸੀ ਦਾ ਤਗਮਾ ਜੇਤੂ ਭਾਰਤੀ ਮਹਿਲਾ ਹਾਕੀ ਟੀਮ ਦਾ ਹਿੱਸਾ ਵੀ ਰਹੀ। ਸੁਨੀਤਾ ਨੇ ਕਿਹਾ, ‘‘ਮੈਂ ਕਿਸਮਤ ਵਾਲੀ ਹਾਂ ਕਿ 2016 ’ਚ ਰੀਓ ਓਲੰਪਿਕ ਖੇਡ ਸਕੀ ਪਰ ਗੋਡੇ ਦੀ ਸੱਟ ਨੇ ਟੋਕੀਓ ਓਲੰਪਿਕ ਖੇਡਣ ਦਾ ਮੇਰਾ ਸੁਪਨਾ ਤੋੜ ਦਿੱਤਾ ਹੈ। ਸੁਨੀਤਾ ਨੇ ਕਿਹਾ ਕਿ ਡਾਕਟਰਾਂ ਨੇ ਉਸਨੂੰ ਆਗਾਮੀ ਕੁਝ ਦਿਨਾਂ ’ਚ ਗੋਡੇ ਦੀ ਸਰਜਰੀ ਕਰਵਾਉਣ ਲਈ ਕਿਹਾ ਹੈ। ਇਸ ਤੋਂ ਉੱਭਰਨ ਲਈ ਪਤਾ ਨਹੀਂ ਕਿੰਨਾ ਸਮਾਂ ਲੱਗੇਗਾ। ਉਸ ਨੇ ਕਿਹਾ ਕਿ ਉਹ ਸਰਜਰੀ ਤੋਂ ਉੱਭਰਨ ਮਗਰੋਂ ਘਰੇਲੂ ਹਾਕੀ ਖੇਡਣਾ ਜਾਰੀ ਰੱਖੇਗੀ। ‘ਨਾਲਕੋ’ ਲਈ ਖੇਡਾਂਗੀ ਜਿਸਨੇ ਨੌਕਰੀ ਦੇ ਕੇ ਕਰੀਅਰ ’ਚ ਮਦਦ ਕੀਤੀ ਹੈ। ਸੁਨੀਤਾ ਨੇ ਕਰੀਅਰ ਦੌਰਾਨ ਸਾਥ ਦੇਣ ਲਈ ਪਰਿਵਾਰ ਦੇ ਨਾਲ-ਨਾਲ ਟੀਮ ਦੀਆਂ ਸਾਥਣਾਂ, ਹਾਕੀ ਇੰਡੀਆ ਅਤੇ ਮੁੱਖ ਕੋਚ ਸੋਰਡ ਮਾਰਿਨੋ ਦਾ ਧੰਨਵਾਦ ਕੀਤਾ ਹੈ।
Sports ਸੁਨੀਤਾ ਲਾਕੜਾ ਵੱਲੋਂ ਕੌਮਾਂਤਰੀ ਹਾਕੀ ਤੋਂ ਸੰਨਿਆਸ