ਐੱਨਸੀਪੀ (ਨੈਸ਼ਨਲਿਸਟ ਕਾਂਗਰਸ ਪਾਰਟੀ)

ਸ੍ਰੀਨਗਰ -ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਮੁਫ਼ਤੀ ਨੇ ਅੱਜ ਦੱਸਿਆ ਕਿ ਪੁਲੀਸ ਨੇ ਉਸ ਨੂੰ ਉਸ ਦੇ ਘਰ ਉਦੋਂ ਨਜ਼ਰਬੰਦ ਕਰ ਦਿੱਤਾ ਜਦੋਂ ਉਸ ਨੇ ਆਪਣੇ ਨਾਨਾ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੀ ਕਬਰ ’ਤੇ ਜਾਣ ਦੀ ਕੋਸ਼ਿਸ਼ ਕੀਤੀ। ਇਲਤਿਜਾ, ਜਿਸ ਨੂੰ ਵਿਸ਼ੇਸ਼ ਸੁਰੱਖਿਆ ਮਿਲੀ ਹੋਈ ਹੈ, ਨੇ ਦੱਸਿਆ ਕਿ ਉਸ ਨੇ ਜ਼ਿਲ੍ਹਾ ਅਨੰਤਨਾਗ ਦੇ ਬਿਜਬਿਹਾੜਾ ਖੇਤਰ ਵਿੱਚ ਬਣੀ ਆਪਣੇ ਨਾਨੇ ਦੀ ਕਬਰ ’ਤੇ ਜਾਣ ਦੀ ਆਗਿਆ ਮੰਗੀ ਸੀ। ਇਲਤਿਜਾ ਨੇ ਏਜੰਸੀ ਨੂੰ ਦੱਸਿਆ, ‘‘ਮੈਨੂੰ ਘਰ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਹੈ ਅਤੇ ਕਿਤੇ ਵੀ ਜਾਣ ਦੀ ਇਜਾਜ਼ਤ ਨਹੀਂ ਹੈ।’’ ਦੂਜੇ ਪਾਸੇ ਵਧੀਕ ਡੀਜੀਪੀ (ਅਮਨ ਤੇ ਕਾਨੂੰਨ) ਮੁਨੀਰ ਖਾਨ ਨੇ ਇਲਤਿਜਾ ਨੂੰ ਨਜ਼ਰਬੰਦ ਕੀਤੇ ਜਾਣ ਤੋਂ ਇਨਕਾਰ ਕਰਦਿਆਂ ਕਿਹਾ, ‘‘ਅਨੰਤਨਾਗ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਫੇਰੀ ਦੀ ਆਗਿਆ ਨਹੀਂ ਦਿੱਤੀ ਗਈ।’’ ਖਾਨ ਨੇ ਕਿਹਾ, ‘‘ਸਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਪੈਂਦਾ ਹੈ ਕਿ ਉਨ੍ਹਾਂ ਨੂੰ ਵਿਸ਼ੇਸ਼ ਸੁਰੱਖਿਆ ਮਿਲੀ ਹੋਈ ਹੈ, ਜਿਸ ਕਰਕੇ ਉਨ੍ਹਾਂ ਨੂੰ ਕਿਤੇ ਵੀ ਜਾਣ ਤੋਂ ਪਹਿਲਾਂ ਪੁਲੀਸ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ।’’ ਇਲਤਿਜਾ ਦੀ ਮਾਂ ਅਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਰਿਹਾਇਸ਼ ‘ਫੇਅਰਵਿਊ’ ਨੂੰ ਜਾਂਦੀ ਗੁਪਕਾਰ ਰੋਡ ’ਤੇ ਪੁਲੀਸ ਵਲੋਂ ਬੈਰੀਕੇਡ ਲਾਏ ਗਏ ਹਨ। ਇਸ ਪਾਸੇ ਪੁਲੀਸ ਵਲੋਂ ਮੀਡੀਆ ਕਰਮੀਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਅਤੇ ਸ਼ਹਿਰ ਦੇ ਇਸ ਉੱਚ ਸੁਰੱਖਿਆ ਵਾਲੇ ਖੇਤਰ ਨੂੰ ਜਾਂਦੀ ਸੜਕ ਤੋਂ ਕੇਵਲ ਸੁਰੱਖਿਆ ਅਮਲੇ ਅਤੇ ਉੱਥੋਂ ਦੇ ਬਾਸ਼ਿੰਦਿਆਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਲਤਿਜਾ ਨੇ ਕਿਹਾ, ‘‘ਮੈਂ ਆਪਣੇ ਨਾਨੇ ਦੀ ਕਬਰ ’ਤੇ ਜਾਣਾ ਚਾਹੁੰਦੀ ਸੀ। ਇਹ ਮੇਰਾ ਹੱਕ ਹੈ। ਕੀ ਇੱਕ ਦੋਹਤੀ ਦਾ ਆਪਣੇ ਨਾਨੇ ਦੀ ਕਬਰ ’ਤੇ ਜਾਣਾ ਅਪਰਾਧ ਹੈ ਜਾਂ ਉਹ ਸੋਚਦੇ ਹਨ ਮੈਂ ਉੱਥੇ ਜਾ ਕੇ ਪੱਥਰਬਾਜ਼ੀ ਜਾਂ ਰੋਸ-ਮੁਜ਼ਾਹਰਾ ਕਰਵਾਵਾਂਗੀ।’’ ਇਲਤਿਜਾ ਨੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ’ਤੇ ਦੋਸ਼ ਲਾਇਆ ਕਿ ਉਹ ਵਾਦੀ ਵਿੱਚ ਸ਼ਾਂਤੀ ਨਹੀਂ ਚਾਹੁੰਦੇ ਹਨ।

Previous articleਐੱਨਸੀਪੀ ਆਗੂ ਡੀ.ਪੀ. ਤ੍ਰਿਪਾਠੀ ਦਾ ਦੇਹਾਂਤ
Next articleਸੁਨੀਤਾ ਲਾਕੜਾ ਵੱਲੋਂ ਕੌਮਾਂਤਰੀ ਹਾਕੀ ਤੋਂ ਸੰਨਿਆਸ