ਸੁਖਬੀਰ ਵੱਲੋਂ ਰਾਸ਼ਨ ਵੰਡ ਘੁਟਾਲੇ ਦੀ ਜਾਂਚ ਲਈ ਮੋਦੀ ਨੂੰ ਪੱਤਰ

ਚੰਡੀਗੜ੍ਹ (ਸਮਾਜਵੀਕਲੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਚ ਕੇਂਦਰੀ ਰਾਸ਼ਨ ਦੀ ਵੰਡ ਵਿਚ ਹੋਏ ਘੁਟਾਲੇ ਤੇ ਅਨਾਜ ਅਤੇ ਦਾਲਾਂ ਕਾਂਗਰਸੀ ਹਮਾਇਤੀਆਂ ਨੂੰ ਦਿੱਤੇ ਜਾਣ ਲਈ ਕੀਤੇ ਪੱਖਪਾਤ ਦੀ ਜਾਂਚ ਦੇ ਹੁਕਮ ਦੇਣ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਇਹ ਵੀ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਸਕੀਮ ਵਿਚ ਕੀਤੇ ਗਏ ਵਾਧੇ ਦੇ ਤਹਿਤ ਸੂਬੇ ਵਿਚ ਭੇਜੇ ਜਾਣ ਵਾਲੇ ਰਾਸ਼ਨ ਦੀ ਸਖ਼ਤੀ ਨਾਲ ਨਿਗਰਾਨੀ ਲਈ ਕੇਂਦਰੀ ਅਬਜ਼ਰਵਰ ਤਾਇਨਾਤ ਕਰਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਕੀਮ ਤਹਿਤ ਮਿਲੇ ਰਾਸ਼ਨ ਦੀ ਚੋਰੀ ਨਾ ਕੀਤੀ ਜਾ ਸਕੇ।

ਸ੍ਰੀ ਬਾਦਲ ਨੇ ਕਿਹਾ ਕਿ ਕੇਂਦਰੀ ਰਾਹਤ ਦੀ ਵੰਡ ਮੈਰਿਟ ਦੇ ਆਧਾਰ ’ਤੇ ਬਿਨਾਂ ਕਿਸੇ ਸਿਆਸੀਕਰਨ ਦੇ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 70725 ਮੀਟਰਿਕ ਟਨ ਅਨਾਜ ਤੇ 10 ਹਜ਼ਾਰ ਮੀਟਰਿਕ ਟਨ ਦਾਲਾਂ ਪੰਜਾਬ ਲਈ ਭੇਜੀਆਂ ਸਨ ਪਰ ਇਹ ਰਾਸ਼ਨ ਲੋਕਾਂ ਨੂੰ ਵੰਡਿਆ ਹੀ ਨਹੀਂ ਗਿਆ। ਉਨ੍ਹਾਂ ਕਿਹਾ ਕਿ ਕੇਂਦਰੀ ਰਾਸ਼ਨ ਦਾ ਵੱਡਾ ਹਿੱਸਾ ਕਾਂਗਰਸੀਆਂ ਨੇ ਰੱਖ ਲਿਆ ਤੇ ਇਹ ਸਿਰਫ ਆਪਣੇ ਸਮਰਥਕਾਂ ਨੂੰ ਹੀ ਵੰਡਿਆ।

ਊਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਸਾਰੇ ਘੁਟਾਲੇ ਦੀ ਜਾਂਚ ਲਈ ਵਿਸ਼ੇਸ਼ ਟੀਮ ਗਠਿਤ ਕਰਨੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਪਰਵਾਸੀ ਮਜ਼ਦੂਰਾਂ ਨੂੰ ਵੀ ਕੇਂਦਰੀ ਰਾਸ਼ਨ ਨਹੀਂ ਵੰਡਿਆ ਜਿਸ ਕਾਰਨ ਉਹ ਸੂਬੇ ਵਿਚੋਂ ਹਿਜ਼ਰਤ ਕਰ ਗਏ।

Previous articleਬਲੈਕਮੇਲਿੰਗ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਖ਼ੁਦਕੁਸ਼ੀ
Next articleਮੋਗਾ: ਮਰੀਜ਼ ਤੁਰ ਕੇ ਹਸਪਤਾਲ ਗਿਆ ਪਰ ਲਾਸ਼ ਬਣ ਕੇ ਬਾਹਰ ਆਇਆ