ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਸ਼ਿਕਾਇਤ ’ਤੇ ਮੁੱਖ ਮੰਤਰੀ ਦੀ ਪ੍ਰਵਾਨਗੀ ਨਾਲ ਹੋਈ ਕਾਰਵਾਈ
ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਪਾਰਟੀ ਦੇ ਦੋ ਹੋਰ ਸੀਨੀਅਰ ਆਗੂਆਂ ਅਤੇ ਅਕਾਲੀ ਦਲ ਦੀ ਸੋਸ਼ਲ ਮੀਡੀਆ ਟੀਮ ਦੇ ਮੈਂਬਰਾਂ ਖਿਲਾਫ਼ ਮਾਣਹਾਨੀ (ਇੱਜ਼ਤ ਹੱਤਕ) ਦਾ ਮਾਮਲਾ ਦਾਇਰ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਈਜੀ ਰੈਂਕ ਦੇ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਸਰਕਾਰ ਨੂੰ ਦਿੱਤੀ ਦਰਖਾਸਤ ਦੇ ਅਧਾਰ ’ਤੇ ਇਹ ਮਾਮਲਾ ਦਾਇਰ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਮੁੱਖ ਮੰਤਰੀ ਦੀ ਪ੍ਰਵਾਨਗੀ ਮਗਰੋਂ ਗ੍ਰਹਿ ਵਿਭਾਗ ਨੇ ਪ੍ਰੌਸੀਕਿਊਸ਼ਨ ਵਿਭਾਗ ਨੂੰ ਇਹ ਸ਼ਿਕਾਇਤ ਦਾਇਰ ਕਰਾਉਣ ਦੇ ਨਿਰਦੇਸ਼ ਦਿੱਤੇ ਸਨ।
ਪ੍ਰੌਸੀਕਿਊਸ਼ਨ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲੰਘੇ ਹਫ਼ਤੇ ਅੰਮ੍ਰਿਤਸਰ ਦੀ ਇੱਕ ਅਦਾਲਤ ਵਿੱਚ ਸੀਆਰਪੀਸੀ ਦੀ ਧਾਰਾ 199 ਤਹਿਤ ਸਰਕਾਰੀ ਵਕੀਲ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਅਤੇ ਹੋਰਨਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਹ ਸ਼ਿਕਾਇਤ ਫੌਜਦਾਰੀ ਕਾਨੂੰਨ ਦੀਆਂ ਧਾਰਾਵਾਂ 499, 500, 501 ਅਤੇ ਸੂਚਨਾ ਤਕਨਾਲੋਜੀ ਐਕਟ ਤਹਿਤ ਦਾਇਰ ਕੀਤੀ ਗਈ ਹੈ। ਸੂਤਰਾਂ ਦਾ ਦੱਸਣਾ ਹੈ ਕਿ ਆਈਜੀ ਕੁੰਵਰਵਿਜੈ ਪ੍ਰਤਾਪ ਸਿੰਘ ਨੂੰ ਗਵਾਹ ਵਜੋਂ ਰੱਖਿਆ ਗਿਆ ਹੈ। ਸਰਕਾਰ ਵੱਲੋਂ ਵਿਰੋਧੀ ਪਾਰਟੀ ਦੇ ਪ੍ਰਧਾਨ ਅਤੇ ਹੋਰਨਾਂ ਆਗੂਆਂ ਖਿਲਾਫ਼ ਇੱਕ ਪੁਲੀਸ ਅਧਿਕਾਰੀ ਦੀ ਸ਼ਿਕਾਇਤ ’ਤੇ ਦਾਇਰ ਕੀਤਾ ਗਿਆ ਇਹ ਮਾਮਲਾ ਆਪਣੇ ਆਪ ਵਿੱਚ ਵਿਲੱਖਣ ਹੈ। ਇਸ ਪੁਲੀਸ ਅਧਿਕਾਰੀ ਵੱਲੋਂ ਕੁਝ ਮਹੀਨੇ ਪਹਿਲਾਂ ਹੀ ਮਾਣਹਾਨੀ ਦਾ ਮਾਮਲਾ ਦਾਇਰ ਕਰਨ ਸਬੰਧੀ ਸਰਕਾਰ ਨੂੰ ਲਿਖਿਆ ਗਿਆ ਸੀ ਤੇ ਸਰਕਾਰ ਨੇ ਇਹ ਕਾਰਵਾਈ ਕਾਨੂੰਨੀ ਮਸ਼ਵਰੇ ਮਗਰੋਂ ਅਮਲ ਵਿੱਚ ਲਿਆਂਦੀ ਹੈ।
ਪੰਜਾਬ ਸਰਕਾਰ ਵੱਲੋਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਕਾਂਡ ਨਾਲ ਸਬੰਧਤ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਅਤੇ ਕੋਟਕਪੂਰਾ ਪੁਲੀਸ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਸਰਗਰਮ ਤੇ ਵਿਵਾਦਿਤ ਮੰਨੇ ਜਾਂਦੇ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਖਿਲਾਫ਼ ਅਕਾਲੀ ਦਲ ਵੱਲੋਂ ਸੰਸਦੀ ਚੋਣਾਂ ਤੋਂ ਪਹਿਲਾਂ ਹੱਲਾ ਬੋਲਿਆ ਗਿਆ ਸੀ। ਅਕਾਲੀ ਦਲ ਵੱਲੋਂ ਇਸ ਪੁਲੀਸ ਅਧਿਕਾਰੀ ਖਿਲਾਫ਼ ਪੱਖਪਾਤੀ ਤੇ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰਨ ਦੀਆਂ ਸ਼ਿਕਾਇਤਾਂ ਚੋਣ ਕਮਿਸ਼ਨ ਨੂੰ ਕੀਤੀਆਂ ਗਈਆਂ ਸਨ ਤੇ ਚੋਣ ਕਮਿਸ਼ਨ ਨੇ ਇਸ ਅਧਿਕਾਰੀ ਦਾ ਤਬਾਦਲਾ ਕਰਨ ਦੇ ਨਿਰਦੇਸ਼ ਵੀ ਦਿੱਤੇ ਸਨ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸਰਕਾਰ ਨੂੰ ਕੀਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਸੰਸਦੀ ਚੋਣਾਂ ਦੇ ਅਮਲ ਦੌਰਾਨ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਇਸ ਪੁਲੀਸ ਅਧਿਕਾਰੀ ਖਿਲਾਫ਼ ਸਿੱਧੀ ਬਿਆਨਬਾਜ਼ੀ ਕੀਤੀ ਗਈ ਸੀ। ਪੁਲੀਸ ਅਧਿਕਾਰੀ ਨੇ ਇਹ ਦੋਸ਼ ਵੀ ਲਾਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੋਸ਼ਲ ਮੀਡੀਆ ਟੀਮ ਵੱਲੋਂ ਵੀ ਉਸ ਖਿਲਾਫ਼ ਕਈ ਤਰ੍ਹਾਂ ਦੀਆਂ ‘ਪੋਸਟਾਂ’ ਪਾਈਆਂ ਗਈਆਂ ਸਨ। ਅਕਾਲੀ ਨੇਤਾਵਾਂ ਦੀਆਂ ਖ਼ਬਰਾਂ ਅਖ਼ਬਾਰੀ ਅਤੇ ਬਿਜਲਈ ਮੀਡੀਆ ਦਾ ਹਿੱਸਾ ਬਣੀਆਂ ਸਨ। ਇਸ ਪੁਲੀਸ ਅਧਿਕਾਰੀ ਨੇ ਵੀ ਅਕਾਲੀ ਨੇਤਾਵਾਂ ਨੂੰ ਸੋਸ਼ਲ ਮੀਡੀਆ ਰਾਹੀਂ ਅਸਿੱਧੇ ਤੌਰ ’ਤੇ ਨਿਸ਼ਾਨਾ ਬਣਾਇਆ ਸੀ।