ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਸਿਰਸਾ ਦੇ ਡੇਰਾ ਮੁਖੀ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਢ ਬੰਨ੍ਹਿਆ ਸੀ ਤੇ ਹੁਣ ਉਹ ਸੀਬੀਆਈ ਦੀ ਕਲੋਜ਼ਰ ਰਿਪੋਰਟ ਵਿਰੁੱਧ ਸਵਾਲ ਉਠਾਉਣ ਦੇ ਡਰਾਮੇ ਕਰ ਰਿਹਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਸਤਾਵੇਜ਼ ਜਨਤਕ ਕਰਦਿਆਂ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਹੁੰਦਿਆਂ ਸੁਖਬੀਰ ਸਿੰਘ ਬਾਦਲ ਨੇ ਡੇਰਾ ਮੁਖੀ ਨੂੰ ਗੁਰੂ ਗੋਬਿੰਦ ਸਿੰਘ ਵਾਂਗ ਸਵਾਂਗ ਰਚਣ ਦੇ ਕੇਸ ਵਿੱਚੋਂ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ। ਸ੍ਰੀ ਖਹਿਰਾ ਨੇ ਕਿਹਾ ਕਿ 2007 ਵਿੱਚ ਜਦੋਂ ਡੇਰਾ ਮੁਖੀ ਸਵਾਂਗ ਰਚਣ ਦੇ ਮਾਮਲੇ ਵਿੱਚ ਘਿਰ ਗਿਆ ਸੀ ਤਾਂ ਉਸ ਨੂੰ ਜਿੱਥੇ ਅਕਾਲ ਤਖਤ ਸਾਹਿਬ ਤੋਂ ਉਦੋਂ ਮੁਆਫ਼ੀ ਦੁਆਉਣ ਦਾ ਯਤਨ ਕੀਤਾ ਗਿਆ ਉਥੇ ਗ੍ਰਹਿ ਮੰਤਰੀ ਹੁੰਦਿਆਂ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਡੇਰਾ ਮੁਖੀ ਵਿਰੁੱਧ ਦਰਜ ਐਫਆਈਆਰ ਨੂੰ ਰੱਦ ਕਰਨ ਲਈ ਪੰਜਾਬ ਪੁਲੀਸ ਨੇ ਅਦਾਲਤ ਤੱਕ ਪਹੁੰਚ ਕੀਤੀ ਸੀ। ਸ੍ਰੀ ਖਹਿਰਾ ਨੇ ਸਵਾਲ ਕੀਤਾ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਵਿਰੁੱਧ ਦਰਜ ਐਫਆਈਆਰ ਰੱਦ ਕਰਵਾਉਣ ਲਈ ਸੁਖਬੀਰ ਸਿੰਘ ਬਾਦਲ ਦੇ ਵਿਭਾਗ ਵੱਲੋਂ ਦਿਖਾਈ ਗਈ ਤੇਜ਼ੀ ਬਾਰੇ ਸ਼੍ਰੋਮਣੀ ਕਮੇਟੀ ਕਿਉਂ ਚੁੱਪ ਹੈ। ਸ੍ਰੀ ਖਹਿਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪੰਥਕ ਸਫ਼ਾਂ ਵਿੱਚ ਆਪਣੇ ਗੁਆਚੇ ਵਕਾਰ ਨੂੰ ਬਹਾਲ ਕਰਨ ਲਈ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਰਾਜਨੀਤਕ ਹਥਿਆਰ ਵਜੋਂ ਵਰਤਣ ਲਈ ਯਤਨ ਕਰ ਰਿਹਾ ਹੈ। ਖਹਿਰਾ ਨੇ ਆਈਜੀ ਕੁੰਵਰ ਵਿਜੈਪ੍ਰਤਾਪ ਸਿੰਘ ਵੱਲੋਂ ਕੋਟਕਪੂਰਾ ਤੇ ਬਹਿਬਲ ਕਲਾਂ ਬਾਰੇ ਪੇਸ਼ ਕੀਤੇ ਗਏ ਚਲਾਨ ਦੀ ਰਿਪੋਰਟ ਦਿਖਾਉਂਦਿਆਂ ਕਿਹਾ ਕਿ ਇਸ ਵਿੱਚ ਸਪਸ਼ਟ ਲਿਖਿਆ ਗਿਆ ਹੈ ਕਿ ਡੇਰਾ ਮੁਖੀ ਵਿਰੁੱਧ ਦਰਜ ਕੇਸ ਨੂੰ ਰੱਦ ਕਰਵਾਉਣ ਲਈ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਪੰਜ ਦਿਨ ਪਹਿਲਾਂ ਪੰਜਾਬ ਪੁਲੀਸ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨੇ ਜਿਹੜਾ ਚਲਾਨ ਹੁਣ ਪੇਸ਼ ਕੀਤਾ ਹੈ ਉਸ ਨੇ ਸੁਖਬੀਰ ਬਾਦਲ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਇਸੇ ਸਾਲ 2 ਫਰਵਰੀ ਨੂੰ ਜਦੋਂ ਜੇਲ੍ਹ ਅੰਦਰ ਡੇਰਾ ਮੁਖੀ ਕੋਲੋਂ ਬੇਅਦਬੀ ਕਾਂਡ ਬਾਰੇ ਪੁੱਛਗਿੱਛ ਕਰਨ ਲਈ ਸਿਟ ਗਈ ਸੀ ਤਾਂ ਉਸ ਨੂੰ ਜੇਲ੍ਹ ਅੰਦਰ ਨਹੀਂ ਸੀ ਜਾਣ ਦਿੱਤਾ ਗਿਆ ਜਦ ਕਿ ਟੀਮ ਕੋਲ ਅਦਾਲਤ ਦੇ ਹੁਕਮ ਵੀ ਸਨ।
INDIA ਸੁਖਬੀਰ ਬਾਦਲ ਨੇ ਬੰਨ੍ਹਿਆ ਸੀ ਡੇਰਾ ਮੁਖੀ ਦੀ ਰਿਹਾਈ ਦਾ ਮੁੱਢ: ਖਹਿਰਾ