ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਹਾਸ਼ੀਏ ’ਤੇ ਪਹੁੰਚਾਇਆ: ਜਾਖੜ

ਸੁਖਬੀਰ ਬਾਦਲ ਵੱਲੋਂ ਸੁਨੀਲ ਜਾਖੜ ਨੂੰ ਫ਼ਿਰੋਜ਼ਪੁਰ ਤੋਂ ਚੋਣ ਲੜਨ ਸਬੰਧੀ ਦਿੱਤੀ ਚੁਣੌਤੀ ’ਤੇ ਪਲਟਵਾਰ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਸੁਖਬੀਰ ਬਾਦਲ ਆਪਣਾ ਵਜੂਦ ਪੂਰੀ ਤਰ੍ਹਾਂ ਖੋ ਚੁੱਕੇ ਹਨ। ਅਕਾਲੀ ਦਲ ਉਨ੍ਹਾਂ ਦੀ ਪਰਿਵਾਰਕ ਪਾਰਟੀ ਹੈ ਪਰ ਕਾਂਗਰਸ ਕੌਮੀ ਪਾਰਟੀ ਹੈ। ਕਾਂਗਰਸ ਵਿਚ ਕਿਸ ਨੇ ਕਿੱਥੋਂ ਚੋਣ ਲੜਨੀ ਹੈ, ਇਸ ਦਾ ਫ਼ੈਸਲਾ ਹਾਈਕਮਾਨ ਕਰਦੀ ਹੈ। ਉਹ ਅੱਜ ਇੱਥੇ ਜਨ-ਸੰਪਰਕ ਮੁਹਿੰਮ ਤਹਿਤ ਵਿਕਰਮ ਮਹਾਜਨ, ਜੁਗਲ ਕਿਸ਼ੋਰ ਤੇ ਜੋਗਿੰਦਰ ਪਹਿਲਵਾਨ ਨਗਰ ਕੌਂਸਲਰਾਂ ਦੇ ਵਾਰਡਾਂ ਵਿਚ ਜਨਤਕ ਮੀਟਿੰਗਾਂ ਕਰ ਰਹੇ ਸਨ। ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਸੰਘਰਸ਼ ਭਰਿਆ ਰਿਹਾ ਹੈ ਪਰ ਹੁਣ ਇਸ ’ਤੇ ਸੁਖਬੀਰ ਬਾਦਲ ਕਬਜ਼ਾ ਕਰੀ ਬੈਠੇ ਹਨ ਤੇ ਇਸ ਪੰਥਕ ਪਾਰਟੀ ਨੂੰ ਉਨ੍ਹਾਂ ਨੇ ਹਾਸ਼ੀਏ ’ਤੇ ਪਹੁੰਚਾ ਦਿੱਤਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਾਇਰੇ ਵਿਚ ਲਿਆਉਣਾ ਚਾਹੁੰਦੇ ਹਨ ਤਾਂ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇਸ ਵਿਚ ਬਹੁਤ ਦੇਰ ਕਰ ਦਿੱਤੀ ਹੈ। ਉਨ੍ਹਾਂ ਨੇ 50 ਸਾਲ ਰਾਜਨੀਤੀ ਕੀਤੀ ਪਰ ਉਸ ਵੇਲੇ ਉਨ੍ਹਾਂ ਨੂੰ ਚੋਣ ਮਨੋਰਥ ਪੱਤਰ ਯਾਦ ਤਕ ਨਹੀਂ ਆਇਆ। ਜੇ ਉਹ ਇਸ ਦੀ ਸ਼ੁਰੂਆਤ ਉਸ ਵੇਲੇ ਕਰਦੇ ਤਾਂ ਪੰਜਾਬ ਦੇ ਇਹ ਹਾਲਾਤ ਨਾ ਹੁੰਦੇ। ਉਨ੍ਹਾਂ ਕਿਹਾ ਕਿ ਉਹ ਮੰਨਦੇ ਹਨ ਕਿ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਾਇਰੇ ਵਿਚ ਲਿਆਉਣਾ ਚਾਹੀਦਾ ਹੈ ਪਰ ਜਿਹੜੇ ਅਕਾਲੀ ਦਲ ਨੇ ਆਪਣੇ ਰਾਜ ਦੌਰਾਨ ਵਾਅਦੇ ਕੀਤੇ ਸਨ, ਉਹ ਵੀ ਫਰੋਲੇ ਜਾਣੇ ਚਾਹੀਦੇ ਹਨ। ਜਨਤਕ ਮੀਟਿੰਗਾਂ ਦੌਰਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸੱਤਾ ਵਿਚ ਆਉਣ ’ਤੇ 12 ਹਜ਼ਾਰ ਰੁਪਏ ਦੀ ਆਮਦਨ ਤੋਂ ਘੱਟ ਵਾਲੇ ਪਰਿਵਾਰਾਂ ਨੂੰ 72 ਹਜ਼ਾਰ ਰੁਪਏ ਸਾਲਾਨਾ ਦੇਣ ਵਾਲੀ ਸਕੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪੈਸੇ ਔਰਤਾਂ ਦੇ ਖਾਤਿਆਂ ਵਿਚ ਭੇਜੇ ਜਾਣਗੇ। ਇਸ ਮੌਕੇ ਵਿਧਾਇਕ ਅਮਿਤ ਵਿੱਜ ਹਾਜ਼ਰ ਸਨ।

Previous articleਟਰੰਪ ਵੱਲੋਂ ਲਾਗੂ ਐਮਰਜੈਂਸੀ ਦਾ ਤੋੜ ਨਹੀਂ ਲੱਭ ਸਕੇ ਡੈਮੋਕਰੈਟ
Next articleਪਾਕਿਸਤਾਨ: ਧਰਮ ਬਦਲੀ ਤੇ ਬਾਲ ਵਿਆਹ ਖ਼ਿਲਾਫ਼ ਬਿੱਲ ਪੇਸ਼