ਚੰਡੀਗੜ੍ਹ (ਸਮਾਜਵੀਕਲੀ) – ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਅੱਜ ਦੇਸ਼ ਭਰ ਦੇ ਸਕੂਲ ਮੁਖੀਆਂ ਨੂੰ ਸਰਕੁਲਰ ਜਾਰੀ ਕਰ ਕੇ ਕਿਹਾ ਹੈ ਕਿ ਬੱਚਿਆਂ ਨੂੰ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਪੋਰਟਲ ਦੀਕਸ਼ਾ ਤੇ ਈ-ਪਾਠਸ਼ਾਲਾ ਰਾਹੀਂ ਪੜ੍ਹਾਇਆ ਜਾਵੇ। ਇਸ ਦੇ ਨਾਲ ਹੀ ਅਧਿਆਪਕਾਂ ਨੂੰ ਐਕਟੀਵਿਟੀ ਬੇਸਡ ਪੜ੍ਹਾਈ ਤੇ ਹੋਮ ਬੇਸਡ ਪ੍ਰਾਜੈਕਟ ਕਰਵਾਉਣ ਲਈ ਕਿਹਾ ਗਿਆ ਹੈ। ਇਸ ਸਬੰਧੀ ਨਵੀਆਂ ਵੀਡੀਓ ਤੇ ਆਡੀਓ ਅੱਪਲੋਡ ਕੀਤੀਆਂ ਗਈਆਂ ਹਨ।
ਸੀਬੀਐੱਸਈ ਦੀ ਚੇਅਰਮੈਨ ਅਨੀਤਾ ਕਰਵਲ ਨੇ ਦਸ ਪੰਨਿਆਂ ਦਾ ਸਰਕੁਲਰ ਜਾਰੀ ਕਰਦਿਆਂ ਮਾਪਿਆਂ ਨੂੰ ਸੁਚੇਤ ਕੀਤਾ ਕਿ ਉਹ ਵੀ ਕੁਝ ਸਮਾਂ ਆਪਣੇ ਘਰ ਵਿਚ ਸਕੂਲ ਤੇ ਘਰ ਦੇ ਸੁਮੇਲ ਵਾਲਾ ਮਾਹੌਲ ਪੈਦਾ ਕਰਨ। ਸਕੂਲਾਂ ਦੇ ਕਾਊਂਸਲਰਾਂ ਨੂੰ ਇਸ ਵੇਲੇ ਆਪਣੀਆਂ ਸੇਵਾਵਾਂ ਦੇਣ ਲਈ ਕਿਹਾ ਗਿਆ ਹੈ। ਉਹ ਬੱਚਿਆਂ ਦੇ ਨਾਲ ਨਾਲ ਮਾਪਿਆਂ ਦੀ ਵੀ ਕਾਊਂਸਲਿੰਗ ਕਰਨ ਕਿ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਹੀ ਤੱਤ ਦਿਖਾਏ ਜਾਣ।
ਸੀਬੀਐੱਸਈ ਦੇ ਖੇਤਰੀ ਦਫ਼ਤਰ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਸਰਕੂਲਰ ਰਾਹੀਂ ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟ ਅਸੈਸਮੈਂਟ (ਪੀਸਾ) ਦੀ ਤਰਜ਼ ’ਤੇ ਹੀ ਹੁਣ ਕ੍ਰੀਏਟਿਵ ਅਤੇ ਕ੍ਰਿਟੀਕਲ ਥਿੰਕਿੰਗ ਵਾਲੇ ਸਵਾਲ ਬੱਚਿਆਂ ਨੂੰ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਰੱਟੇ ਮਾਰਨ ਦੀ ਥਾਂ ਇਸ ਵਿਧੀ ਰਾਹੀਂ ਪੜ੍ਹਾਇਆ ਜਾਵੇ। ਬੱਚਿਆਂ ਨੂੰ ‘ਸਵੈਮ’, ‘ਸਵੈਮ ਪ੍ਰਭਾ’ ਪਲੇਟਫਾਰਮਾਂ ਦੀ ਵਰਤੋਂ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ।
ਪ੍ਰਾਜੈਕਟ ਦੀਕਸ਼ਾ ਐੱਮਐੱਚਆਰਡੀ ਵੱਲੋਂ 35 ਰਾਜਾਂ ਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿਚ ਚਲਾਇਆ ਜਾ ਰਿਹਾ ਹੈ। ਇਸ ਨੂੰ ਐਂਡਰਾਇਡ ਫੋਨਾਂ ’ਤੇ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਜਾਂ ਦੀਕਸ਼ਾ ਦੀ ਵੈੱਬਸਾਈਟ ‘ਦੀਕਸ਼ਾਡਾਟਗੌਵਡਾਟਇਨ’ ਰਾਹੀਂ ਦੇਖਿਆ ਜਾ ਸਕਦਾ ਹੈ। ਇਸ ਵਿਚ 6ਵੀਂ ਤੋਂ 10ਵੀਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਇਸ ਵਿਚ ਹਰ ਸੋਮਵਾਰ ਪ੍ਰੈਕਟਿਸ ਸੈਸ਼ਨ ਹੁੰਦਾ ਹੈ ਤੇ ਹਰ ਵੀਰਵਾਰ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਸੀਬੀਐੱਸਈ ਤੇ ਐੱਨਆਈਓਐੱਸ ਦੇ ਯੂ-ਟਿਊਬ ਚੈਨਲ ਦੇਖਣ ਲਈ ਕਿਹਾ ਗਿਆ ਹੈ, ਜਿਸ ਦੇ ਲਿੰਕ ਵੀ ਦਿੱਤੇ ਗਏ ਹਨ।