ਆਈਐੱਨਐੱਕਸ ਮੀਡੀਆ ਮਾਮਲੇ ਵਿੱਚ ਦਾਇਰ ਪੇਸ਼ਗੀ ਜ਼ਮਾਨਤ ਦੀ ਅਰਜ਼ੀ ’ਤੇ ਸੁਪਰੀਮ ਕੋਰਟ ਕੋਲੋਂ ਫ਼ੌਰੀ ਰਾਹਤ ਨਾ ਮਿਲਣ ਮਗਰੋਂ ਰਾਤ ਪੌਣੇ ਦਸ ਵਜੇ ਦੇ ਕਰੀਬ ਸੀਬੀਆਈ ਦੀ ਟੀਮ ਨੇ ਸਾਬਕਾ ਵਿੱਤ ਤੇ ਗ੍ਰਹਿ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਟੀਮ ਉਨ੍ਹਾਂ ਨੂੰ ਇਥੋਂ ਸਿੱਧਾ ਸੀਬੀਆਈ ਹੈੱਡਕੁਆਰਟਰ ਲੈ ਗਈ। ਚਿਦੰਬਰਮ ਨੂੰ ਭਲਕੇ ਰਾਊਜ਼ ਐਵੇਨਿਊ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਇਸ ਦੌਰਾਨ ਸੀਬੀਆਈ ਹੈੱਡਕੁਆਰਟਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸੀਬੀਆਈ ਦੇ ਤਰਜਮਾਨ ਨੇ ਕਿਹਾ ਕਿ ਕਾਂਗਰਸੀ ਆਗੂ ਨੂੰ ਸਮੱਰਥ ਅਦਾਲਤ ਵੱਲੋਂ ਜਾਰੀ ਵਾਰੰਟ ਦੇ ਅਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਫੌਰੀ ਮਗਰੋਂ ਚਿਦੰਬਰਮ ਦਾ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾਕਟਰਾਂ ਨੇ ਸੀਬੀਆਈ ਦਫਤਰ ਵਿੱਚ ਮੈਡੀਕਲ ਕੀਤਾ। ਚਿਦੰਬਰਮ ਨੂੰ ਸੀਬੀਆਈ ਗੈਸਟ ਹਾਊਸ ਦੇ ਗਰਾਊਂਡ ਫਲੋਰ ਸਥਿਤ ਕਮਰਾ ਨੰਬਰ 5 ਵਿੱਚ ਰੱਖਿਆ ਗਿਆ ਹੈ। ਚਿਦੰਬਰਮ ਨੂੰ ਗ੍ਰਿਫ਼ਤਾਰ ਕਰਨ ਗਈ ਸੀਬੀਆਈ ਦੀ 30 ਮੈਂਬਰੀ ਟੀਮ ਨੂੰ ਜੋਰ ਬਾਗ ਸਥਿਤ ਕਾਂਗਰਸੀ ਆਗੂ ਦੀ ਰਿਹਾਇਸ਼ ਬਾਹਰ ਇਕੱਠੇ ਹੋਏ ਕਾਂਗਰਸੀ ਵਰਕਰਾਂ ਦੇ ਰੋਹ ਨਾਲ ਦੋ ਚਾਰ ਹੋਣਾ ਪਿਆ। ਇਸ ਦੌਰਾਨ ਪਾਰਟੀ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ ਤੇ ਉਹ ਜਾਂਚ ਟੀਮ ਨਾਲ ਧੱਕਾ-ਮੁੱਕੀ ਵੀ ਹੋਏ। ਟੀਮ ਮਗਰੋਂ ਕੰਧ ਟੱਪ ਕੇ ਚਿਦੰਬਰਮ ਦੀ ਰਿਹਾਇਸ਼ ਅੰਦਰ ਦਾਖ਼ਲ ਹੋਈ। ਹਾਲਾਂਕਿ ਕਾਰ ਵਿੱਚ ਆਈ ਸੀਬੀਆਈ ਦੀ ਦੂਜੀ ਟੀਮ ਨੇ ਚਿਦੰਬਰਮ ਨੂੰ ਹਿਰਾਸਤ ਵਿੱਚ ਲੈ ਲਿਆ। ਉਂਜ ਸ੍ਰੀ ਚਿਦੰਬਰਮ ਨੇ ਰਾਤ ਅੱਠ ਵਜੇ ਦੇ ਕਰੀਬ ਕਾਂਗਰਸ ਵੱਲੋਂ ਪਾਰਟੀ ਹੈੱਡਕੁਆਰਟਰ ’ਤੇ ਰੱਖੀ ਪ੍ਰੈੱਸ ਕਾਨਫ਼ਰੰਸ ਵਿੱਚ ਨਾਟਕੀ ਢੰਗ ਨਾਲ ਪੇਸ਼ ਹੋ ਕੇ ਲਿਖਤੀ ਬਿਆਨ ਰਾਹੀਂ ਆਪਣਾ ਪੱਖ ਰੱਖਿਆ ਤੇ ਬਿਨਾਂ ਕਿਸੇ ਸਵਾਲ ਦਾ ਜਵਾਬ ਦਿੱਤਿਆਂ ਉਥੋਂ ਆਪਣੀ ਰਿਹਾਇਸ਼ ’ਤੇ ਪਰਤ ਗਏ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਵੱਲੋਂ ਚਿਦੰਬਰਮ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਰੱਦ ਕਰਨ ਤੋਂ ਇਕ ਦਿਨ ਮਗਰੋਂ ਸਾਬਕਾ ਵਿੱਤ ਮੰਤਰੀ ਦੇ ਅੱਜ ਸਾਰਾ ਦਿਨ ਗ੍ਰਿਫ਼ਤਾਰੀ ਦੀ ਤਲਵਾਰ ਲਟਕਦੀ ਰਹੀ। ਸਾਬਕਾ ਕੇਂਦਰੀ ਮੰਤਰੀ ਨੂੰ ਅੱਜ ਸੁਪਰੀਮ ਕੋਰਟ ’ਚੋਂ ਕੁਝ ਰਾਹਤ ਮਿਲਣ ਦੀ ਆਸ ਸੀ, ਪਰ ਭਾਰਤ ਦੇ ਚੀਫ ਜਸਟਿਸ ਰੰਜਨ ਗੋਗੋਈ ਨੇ ਚਿਦੰਬਰਮ ਦੀ ਪਟੀਸ਼ਨ ’ਤੇ ਸੁਣਵਾਈ ਸ਼ੁੱਕਰਵਾਰ ਲਈ ਅੱਗੇ ਪਾ ਦਿੱਤੀ। ਉਧਰ ਸੀਬੀਆਈ ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚਿਦੰਬਰਮ ਨੂੰ ਦੇਸ਼ ਛੱਡ ਕੇ ਜਾਣ ਤੋਂ ਰੋਕਣ ਲਈ ਲੁੱਕ-ਆਊਟ ਸਰਕੁਲਰ ਜਾਰੀ ਕਰਦਿਆਂ ਸਾਰੇ ਹਵਾਈ ਅੱਡਿਆਂ ਨੂੰ ਚੌਕਸ ਕਰ ਦਿੱਤਾ। ਜਾਂਚ ਏਜੰਸੀਆਂ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਵਿੱਚ ਚਿਦੰਬਰਮ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਕਾਲੇ ਧਨ ਨੂੰ ਸਫ਼ੇਦ ਕਰਨ ਦਾ ‘ਬਹੁਤ ਵੱਡਾ ਮਾਮਲਾ’ ਹੈ।
ਸਾਲ 2004 ਤੋਂ 2014 ਦੇ ਅਰਸੇ ਦੌਰਾਨ ਯੂਪੀਏ ਸਰਕਾਰ ਵਿੱਚ ਗ੍ਰਹਿ ਮੰਤਰੀ ਤੇ ਵਿੱਤ ਮੰਤਰੀ ਦੇ ਅਹੁਦਿਆਂ ’ਤੇ ਰਹੇ ਚਿਦੰਬਰਮ ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ ਸਾਲ 2007 ਵਿੱਚ ਆਈਐੱਨਐਕਸ ਮੀਡੀਆ ਨੂੰ ਵਿਦੇਸ਼ ਤੋਂ ਮਿਲੇ 305 ਕਰੋੜ ਦੇ ਫੰਡਾਂ ਨੂੰ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ (ਐਫਆਈਪੀਬੀ) ਤੋਂ ਹਰੀ ਝੰਡੀ ਦਿਵਾਉਣ ਵਿੱਚ ਕਥਿਤ ਮਦਦ ਕੀਤੀ ਸੀ। ਸੀਬੀਆਈ ਤੇ ਈਡੀ ਵੱਲੋਂ ਪਿਛਲੇ ਦੋ ਸਾਲ ਤੋਂ ਚਿਦੰਬਰਮ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਸੀ। ਦਿੱਲੀ ਹਾਈ ਕੋਰਟ ਨੇ ਲੰਘੇ ਦਿਨ ਸੀਨੀਅਰ ਕਾਂਗਰਸੀ ਆਗੂ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ। ਚਿਦੰਬਰਮ ਦੀ ਅਰਜ਼ੀ ਦੀ ਪੈਰਵੀ ਕਰ ਰਹੀ ਸੀਨੀਅਰ ਵਕੀਲ ਕਪਿਲ ਸਿੱਬਲ ਦੀ ਅਗਵਾਈ ਵਾਲੀ ਵਕੀਲਾਂ ਦੀ ਟੀਮ ਨੇ ਅੱਜ ਸਵੇਰੇ ਸੁਪਰੀਮ ਕੋਰਟ ਦੇ ਰਜਿਸਟਰਾਰ (ਜੁਡੀਸ਼ਲ) ਸੂਰਿਆ ਪ੍ਰਤਾਪ ਸਿੰਘ ਨਾਲ ਸੰਖੇਪ ਸਲਾਹ-ਮਸ਼ਵਰਾ ਕੀਤਾ ਤੇ ਪਟੀਸ਼ਨ ਵਿਚਲੇ ਨੁਕਸਾਂ ਬਾਰੇ ਪਤਾ ਕੀਤਾ। ਸਿੱਬਲ ਨੇ ਮਗਰੋਂ ਪਟੀਸ਼ਨ ਜਸਟਿਸ ਐੱਨ.ਵੀ.ਰਾਮੰਨਾ, ਐੱਮ. ਸ਼ਾਂਤਨਾਗਾਉਡਰ ਤੇ ਅਜੈ ਰਸਤੋਗੀ ਦੀ ਸ਼ਮੂਲੀਅਤ ਵਾਲੇ ਬੈਂਚ ਅੱਗੇ ਰੱਖੀ, ਜਿਨ੍ਹਾਂ ਇਸ ਨੂੰ ਵਿਚਾਰ ਲਈ ਸੀਜੇਆਈ ਅੱਗੇ ਭੇਜ ਦਿੱਤਾ ਤਾਂ ਕਿ ਇਸ ’ਤੇ ਜ਼ਰੂਰੀ ਸੁਣਵਾਈ ਹੋ ਸਕੇ। ਪਰ ਜਦੋਂ ਵਕੀਲਾਂ ਦੀ ਟੀਮ ਨੂੰ ਜ਼ਰੂਰੀ ਲਿਸਟਿੰਗ ਸਬੰਧੀ ਕੋਈ ਜਾਣਕਾਰੀ ਨਾ ਮਿਲੀ ਤਾਂ ਸ੍ਰੀ ਸਿੱਬਲ ਨੇ ਦੁਪਹਿਰ ਮਗਰੋਂ ਜੁੜੇ ਉਸੇ ਬੈਂਚ ਅੱਗੇ ਮੁੜ ਪਟੀਸ਼ਨ ਰੱਖ ਦਿੱਤੀ। ਸਿੱਬਲ, ਜਿਨ੍ਹਾਂ ਨਾਲ ਸੀਨੀਅਰ ਵਕੀਲ ਸਲਮਾਨ ਖੁਰਸ਼ੀਦ, ਵਿਵੇਕ ਤਨਖਾ ਤੇ ਇੰਦਰਾ ਜੈਸਿੰਘ ਵੀ ਮੌਜੂਦ ਸਨ, ਨੇ ਬੈਂਚ ਨੂੰ ਦੱਸਿਆ ਕਿ ਜਾਂਚ ਏਜੰਸੀਆਂ ਨੇ ਚਿਦੰਬਰਮ ਖ਼ਿਲਾਫ਼ ਲੁੱਕ-ਆਊਟ ਨੋਟਿਸ ਜਾਰੀ ਕਰ ਦਿੱਤਾ ਹੈ, ਜਿਵੇਂ ਕਿ ਉਹ ਦੇਸ਼ ਛੱਡ ਕੇ ਭੱਜ ਰਹੇ ਹੋਣ। ਸਿਖਰਲੀ ਅਦਾਲਤ ਨੇ ਕਿਹਾ ਕਿ ਪਟੀਸ਼ਨ ਵਿਚਲੇ ‘ਨੁਕਸਾਂ’ ਨੂੰ ਹੁਣ ਦੂਰ ਕੀਤਾ ਗਿਆ ਹੈ, ਲਿਹਾਜ਼ਾ ਇਸ ਨੂੰ ਜ਼ਰੂਰੀ ਸੁਣਵਾਈ ਵਜੋਂ ਅੱਜ ਨਹੀਂ ਵਿਚਾਰਿਆ ਜਾ ਸਕਦਾ ਕਿਉਂਕਿ ਪਟੀਸ਼ਨ ਨੂੰ ਪਹਿਲਾਂ ਚੀਫ਼ ਜਸਟਿਸ ਅੱਗੇ ਰੱਖਿਆ ਜਾਂਦਾ ਹੈ, ਜੋ ਇਸ ਨੂੰ ਅੱਗੇ ਢੁੱਕਵੇਂ ਬੈਂਚ ਹਵਾਲੇ ਕਰਦੇ ਹਨ। ਇਸ ’ਤੇ ਸ੍ਰੀ ਸਿੱਬਲ ਨੇ ਕਿਹਾ ਕਿ ਚੀਫ ਜਸਟਿਸ ਦੀ ਅਗਵਾਈ ਵਾਲਾ ਪੰਜ ਮੈਂਬਰੀ ਸੰਵਿਧਾਨਕ ਬੈਂਚ ਅਯੁੱਧਿਆ ਕੇਸ ਦੀ ਸੁਣਵਾਈ ’ਚ ਰੁੱਝਾ ਹੈ ਤੇ ਬੈਂਚ ਸ਼ਾਮ 4 ਵਜੇਂ ਤੋਂ ਪਹਿਲਾਂ ਨਹੀਂ ਉੱਠੇਗਾ। ਸਿੱਬਲ, ਜਸਟਿਸ ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੂੰ ਸੁਣਵਾਈ ਕਰਨ ਲਈ ਲਗਾਤਾਰ ਜ਼ੋਰ ਪਾਉਂਦੇ ਰਹੇ, ਪਰ ਬੈਂਚ ਨੇ ਸਾਫ਼ ਕਰ ਦਿੱਤਾ ਕਿ ‘ਅਸੀਂ ਪਹਿਲਾਂ ਹੀ ਇਹ ਮਾਮਲਾ ਸੀਜੇਆਈ ਅੱਗੇ ਰੱਖ ਚੁੱਕੇ ਹਾਂ।’ ਪਟੀਸ਼ਨ ’ਤੇ ਸੁਣਵਾਈ ਖ਼ਤਮ ਹੋਣ ਮਗਰੋਂ ਸਿੱਬਲ ਨੇ ਬੈਂਚ ਨੂੰ ਇਹ ਵੀ ਕਿਹਾ ਕਿ ਸ੍ਰੀ ਚਿਦੰਬਰਮ ਇਹ ਹਲਫ਼ਨਾਮਾ ਦੇਣ ਲਈ ਤਿਆਰ ਹਨ ਕਿ ਉਹ ਕਿਤੇ ਨਹੀਂ ਭੱਜਣਗੇ, ਪਰ ਬੈਂਚ ਨੇ ਇਸ ਹਲਫ਼ਨਾਮੇ ’ਤੇ ਵਿਚਾਰ ਕਰਨ ਤੋਂ ਨਾਂਹ ਕਰ ਦਿੱਤੀ।