ਬੱਸਾਂ ਵਿੱਚ ਔਰਤਾਂ ਦੀ ਸੁਰੱਖਿਆ ਲਈ ਅਤੇ ਅਪਰਾਧ ਨੂੰ ਨੱਥ ਪਾਉਣ ਲਈ ਸਰਕਾਰ ਨੇ ਸਾਰੇ ਜਨਤਕ ਸੇਵਾ ਵਾਹਨਾਂ ਵਿੱਚ ਨਵੇਂ ਸਾਲ ਤੋਂ ਸਥਾਨ-ਟਰੈਕਿੰਗ ਯੰਤਰ (ਜੀਪੀਐਸ) ਅਤੇ ਸੰਕਟਕਾਲ ਬਟਨ ਲਾਉਣ ਨੂੰ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਹੈ। ਯਾਤਰੀਆਂ ਦੀਆਂ ਸੀਟਾਂ ਦੇ ਸਾਹਮਣੇ ਲਗਾਉਣ ਲਈ ਬਟਨ ਇੱਕ ਵਾਰ ਦਬਾਉਣ ’ਤੇ ਟਰਾਂਸਪੋਰਟ ਵਿਭਾਗ ਅਤੇ ਪੁਲੀਸ ਕੰਟਰੋਲ ਰੂਮ ਨੂੰ ਚੇਤਾਵਨੀ ਦਿੱਤੀ ਜਾਵੇਗੀ ਜਿਸ ਦੇ ਨਾਲ ਜੀਪੀਐੱਸ ਰਾਹੀਂ ਵਾਹਨ ਦੀ ਸਥਿਤੀ ਦਾ ਪਤਾ ਲਗ ਸਕੇਗਾ ਅਤੇ ਅਪਰਾਧੀ ਨੂੰ ਛੇਤੀ ਕਾਬੂ ਕੀਤਾ ਜਾ ਸਕੇਗਾ। ਡੇਰਾਬੱਸੀ ਤੋਂ ਚੰਡੀਗੜ੍ਹ ਅਤੇ ਮੁਹਾਲੀ ਲਈ ਸੀ.ਟੀ.ਯੂ. ਦੀਆਂ ਤਕਰੀਬਨ 26 ਬੱਸਾਂ ਸਾਰੇ ਦਿਨ ਵਿੱਚ 20 ਤੋਂ 40 ਮਿੰਟ ਦੇ ਫਰਕ ਨਾਲ ਵੱਖ-ਵੱਖ ਰੂਟਾਂ ’ਤੇ ਬੱਸ ਅੱਡੇ ਤੋਂ ਰਵਾਨਾ ਹੁੰਦੀਆਂ ਹਨ ਅਤੇ ਸਾਰੀਆਂ ਬੱਸਾਂ ਵਿੱਚ ਇਹ ਯੰਤਰ ਲਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੀਟੀਯੂ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਜੀਪੀਐੱਸ ਅਤੇ ਸੰਕਟਕਾਲ ਬਟਨ ਪਹਿਲ ਦੇ ਅਧਾਰ ’ਤੇ ਲੋਕਲ ਬੱਸਾਂ ਵਿੱਚ ਅਤੇ ਲੰਮੇ ਰੂਟ ਦੀਆਂ ਬੱਸਾਂ ਵਿੱਚ ਲਾਇਆ ਜਾਏਗਾ। ਯਾਤਰੀਆਂ ਦੀ ਸੀਟ ਦੇ ਸਾਹਮਣੇ ਪੈਨਿਕ ਬਟਨ ਲਗਾਏ ਜਾਣਗੇ ਜਿਸ ਨੂੰ ਦਬਾਉਣ ’ਤੇ ਟਰਾਂਸਪੋਰਟ ਵਿਭਾਗ ਅਤੇ ਪੁਲੀਸ ਕੰਟਰੋਲ ਰੂਮ ਨੂੰ ਚਿਤਾਵਨੀ ਮਿਲ ਜਾਏਗੀ ਕਿ ਕੋਈ ਔਰਤ ਜਾਂ ਪੁਰਸ਼ ਬਿਪਤਾ ਵਿੱਚ ਹੈ ਤੇ ਸੁਨੇਹਾ ਕੇਂਦਰੀ ਕੰਟਰੋਲ ਰੂਮ ਵਿਚ ਪਹੁੰਚ ਜਾਵੇਗਾ ਤੇ ਜੀਪੀਐਸ ਸਿਸਟਮ ਨਾਲ ਵਾਹਨ ਦੀ ਸਥਿਤੀ ਦਾ ਪਤਾ ਲੱਗ ਜਾਏਗਾ ਅਤੇ ਅਪਰਾਧੀ ਨੂੰ ਕਾਬੂ ਕਰਨ ਵਿੱਚ ਮਦਦ ਮਿਲੇਗੀ। ਇਸੇ ਦੌਰਾਨ ਸੀਟੀਯੂ ਦੇ ਡਾਇਰੈਕਟਰ (ਟਰਾਂਸਪੋਰਟ) ਅਮਿਤ ਤਲਵਾਰ ਨੇ ਕਿਹਾ ਕਿ ਸੀਟੀਯੂ ਦੇ ਕੋਲ 568 ਦੇ ਕਰੀਬ ਬੱਸਾਂ ਹਨ ਅਤੇ ਕੇਂਦਰ ਸਰਕਾਰ ਦੇ ਨਿਰਦੇਸ਼ ਅਨੁਸਾਰ 2019 ਵਿੱਚ ਬੱਸਾਂ ਵਿੱਚ ਐਮਰਜੈਂਸੀ ਬਟਨ ਸਥਾਪਤ ਕਰ ਦਿੱਤੇ ਜਾਣਗੇ। ਵੇਰਵਿਆਂ ਅਨੁਸਾਰ ਸੀਟੀਯੂ ਦੀਆਂ 168 ਬੱਸਾਂ ਲੰਮੇ ਰੂਟ ਉੱਤੇ ਅਤੇ ਤਕਰੀਬਨ 400 ਬੱਸਾਂ ਲੋਕਲ ਰੂਟਾਂ ’ਤੇ ਚੱਲ ਰਹੀਆਂ ਹਨ।
INDIA ਸੀਟੀਯੂ ਦੀਆਂ ਬੱਸਾਂ ਵਿੱਚ ਲੱਗਣਗੇ ਸੰਕਟਕਾਲ ਬਟਨ