ਕੱਪੜੇ ਦੀ ਦੁਕਾਨ ਨੂੰ ਅੱਗ; 50 ਲੱਖ ਰੁਪਏ ਦਾ ਨੁਕਸਾਨ

ਜਲੰਧਰ ਰੋਡ ’ਤੇ ਇਕ ਕੱਪੜੇ ਦੀ ਦੁਕਾਨ ਵਿਚ ਅੱਗ ਲੱਗ ਗਈ ਅਤੇ ਦੁਕਾਨ ਮਾਲਕ ਵੀ ਬੁਰੀ ਤਰ੍ਹਾਂ ਝੁਲਸ ਗਿਆ। ਜਾਣਕਾਰੀ ਮੁਤਾਬਿਕ ਦੁਪਹਿਰ ਕਰੀਬ ਸਵਾ ਇਕ ਵਜੇ ਜਲੰਧਰ ਰੋਡ ’ਤੇ ਸਥਿਤ ਰਮੇਸ਼ ਸਿਲਕ ਸਟੋਰ ਨਾਂ ਦੀ ਦੁਕਾਨ ਦੀ ਤੀਜੀ ਮੰਜ਼ਿਲ ’ਤੇ ਜਨਰੇਟਰ ਦੀ ਮੁਰੰਮਤ ਚੱਲ ਰਹੀ ਸੀ। ਇਸ ਦੌਰਾਨ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਫੈਲ ਗਈ।
ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕੀਤਾ। ਤਿੰਨ ਟੈਂਕਰਾਂ ਦੀ ਮਦਦ ਨਾਲ ਕੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਕਾਰਨ ਦੁਕਾਨ ਦੇ ਦੂਜੀ ਤੇ ਤੀਸਰੀ ਮੰਜ਼ਿਲ ’ਤੇ ਪਿਆ ਕੱਪੜੇ ਦਾ ਸਸਾਰਾ ਸਟਾਕ ਸੜ ਕੇ ਸੁਆਹ ਹੋ ਗਿਆ। ਦੁਕਾਨ ਮਾਲਿਕ ਰਮੇਸ਼ ਅਰੋੜਾ ਵੀ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਏ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ।
ਡਾਕਟਰਾਂ ਮੁਤਾਬਿਕ ਉਹ ਖਤਰੇ ਤੋਂ ਬਾਹਰ ਹਨ। ਅੱਗ ਕਾਰਨ ਦੁਕਾਨ ਦਾ ਕਰੀਬ 50 ਲੱਖ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਘਟਨਾ ਮੌਕੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ, ਮੇਅਰ ਸ਼ਿਵ ਸੂਦ ਅਤੇ ਕੌਂਸਲਰ ਸੁਰੇਸ਼ ਭਾਟੀਆ ਬਿੱਟੂ ਵੀ ਪਹੁੰਚ ਗਏ।

Previous articleਸੀਟੀਯੂ ਦੀਆਂ ਬੱਸਾਂ ਵਿੱਚ ਲੱਗਣਗੇ ਸੰਕਟਕਾਲ ਬਟਨ
Next articleCongress threatening probe agency officers: BJP