ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਹੋਏ ਫਿਰਕੂ ਦੰਗਿਆਂ ਬਾਰੇ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਨਵਾਂ ਨਾਗਰਕਿਤਾ ਕਾਨੂੰਨ ਪਾਸ ਕੀਤੇ ਜਾਣ ਮਗਰੋਂ ਦਿੱਤੇ ਕਥਿਤ ਨਫ਼ਰਤੀ ਭਾਸ਼ਣਾਂ ਕਾਰਨ ਭੜਕੇ ਸਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਜਾਂ ਧਰਮ ਨਾਲ ਸਬੰਧਤ ਹੋਣ। ਦਿੱਲੀ ਦੰਗਿਆਂ ਬਾਰੇ ਸਰਕਾਰ ’ਤੇ ਲੱਗ ਰਹੇ ਦੋਸ਼ਾਂ ਦਾ ਜਵਾਬ ਦਿੰਦਿਆਂ ਸ਼ਾਹ ਨੇ ਕਿਹਾ ਕਿ ਸਰਕਾਰ ਅਜਿਹਾ ਕਿਉਂ ਕਰੇਗੀ ਜਦੋਂ ਪ੍ਰਧਾਨ ਮੰਤਰੀ ਵਲੋਂ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਆਗੂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮੇਜ਼ਬਾਨੀ ਕੀਤੀ ਜਾ ਰਹੀ ਸੀ। ਉਨ੍ਹਾਂ ਦਿੱਲੀ ਦੰਗਿਆਂ ਪਿੱਛੇ ਡੂੰਘੀ ਸਾਜ਼ਿਸ਼ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਵਿਦੇਸ਼ੀ ਪੈਸਾ ਵੰਡਿਆ ਗਿਆ ਅਤੇ ਹਜ਼ਾਰਾਂ ਸੋਸ਼ਲ ਮੀਡੀਆ ਖਾਤੇ ਬਣਾ ਕੇ ਨਫ਼ਰਤ ਨੂੰ ਸ਼ਹਿ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਪੈਸਾ ਲਿਆਉਣ ਅਤੇ ਨਫ਼ਰਤ ਫੈਲਾਉਣ ਲਈ ਜ਼ਿੰਮੇਵਾਰ ਲੋਕਾਂ ਦਾ ਇਲੈਕਟ੍ਰਾਨਿਕ ਸਾਧਨਾਂ ਜ਼ਰੀਏ ਪਤਾ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੰਗਿਆਂ ਸਬੰਧੀ ਕਰੀਬ 700 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ 2,647 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
HOME ਸੀਏਏ ਮਗਰੋਂ ਦਿੱਤੇ ਨਫ਼ਰਤੀ ਭਾਸ਼ਣਾਂ ਕਾਰਨ ਭੜਕੇ ਦੰਗੇ: ਸ਼ਾਹ