ਅੰਮ੍ਰਿਤਸਰ (ਸਮਾਜ ਵੀਕਲੀ) : ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਟਵੀਟਾਂ ਦੀ ਬੌਛਾਰ ਨਿਰੰਤਰ ਜਾਰੀ ਹੈ। ਅੱਜ ਵੀ ਉਨ੍ਹਾਂ ਇਕ ਟਵੀਟ ਰਾਹੀਂ ਲਿਖਿਆ ਕਿ ਨਾਪਾਕ ਇਰਾਦੇ ਸਪੱਸ਼ਟ ਹਨ, ਕਿਸੇ ਨੇ ਵੀ ਸਾਢੇ ਚਾਰ ਸਾਲਾਂ ਦੌਰਾਨ ਹਾਈ ਕੋਰਟ ਵਿੱਚ ਜਾਣ ਤੋਂ ਰੋਕਿਆ ਨਹੀਂ ਸੀ।
ਆਪਣੇ ਟਵਿੱਟਰ ਖਾਤੇ ’ਤੇ ਨਿਸ਼ਾਨਾ ਸੇਧਦਿਆਂ ਨਵਜੋਤ ਸਿੱਧੂ ਨੇ ਲਿਖਿਆ ਕਿ ਪਿਛਲੇ ਸਾਢੇ ਚਾਰ ਸਾਲ ਦੌਰਾਨ ਤੁਹਾਨੂੰ ਕਿਸੇ ਨੇ ਹਾਈ ਕੋਰਟ ਜਾਣ ਤੋਂ ਰੋਕਿਆ ਨਹੀਂ ਸੀ, ਜਿਸ ਤੋਂ ਨਾਪਾਕ ਇਰਾਦੇ ਸਪੱਸ਼ਟ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਡੀਜੀਪੀ ਅਤੇ ਸੀਪੀਐੱਸ ਦੀਆਂ ਨਿਯੁਕਤੀਆਂ ਦਾ ਮਾਮਲਾ ਸੀ ਤਾਂ ਉਸ ਵੇਲੇ ਕੁਝ ਹੀ ਘੰਟਿਆਂ ਵਿੱਚ ਉੱਚ ਅਦਾਲਤ ’ਚ ਇਸ ਸਬੰਧੀ ਮਾਮਲੇ ਨੂੰ ਚੁਣੌਤੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਬੇਅਦਬੀ ਮਾਮਲੇ ਵਿੱਚ ਅਦਾਲਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦੋਂਕਿ ਪਿਛਲੇ ਦਰਵਾਜ਼ੇ ਰਾਹੀਂ ਇਹੀ ਆਦੇਸ਼ ਸਵੀਕਾਰ ਕੀਤੇ ਜਾ ਰਹੇ ਹਨ।