ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਨਾਲ ਮੁਲਾਕਾਤ ਕੀਤੀ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਉੱਤੇ ਚਰਚਾ ਹੋਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਮੰਤਰੀ ਮੰਡਲ ਵਿੱਚ ਮੰਤਰੀਆਂ ਦੇ ਵਿਭਾਗ ਬਦਲਣ ਸਮੇਂ ਨਵਜੋਤ ਸਿੱਧੂ ਨੇ ਆਪਣੇ ਨਵੇਂ ਮਹਿਕਮੇ ਦਾ ਕਾਰਜਭਾਰ ਨਹੀਂ ਸੰਭਾਲਿਆ ਅਤੇ ਇਸ ਨੂੰ ਲੈ ਕੇ ਉਨ੍ਹਾਂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਚਕਾਰ ਵਿਵਾਦ ਪੈਦਾ ਹੋ ਗਿਆ ਹੈ। ਸ੍ਰੀ ਪਟੇਲ ਵਿਵਾਦ ਨੂੰ ਸੁਲਝਾਉਣ ਦੇ ਚਾਹਵਾਨ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਵਾਂ ਆਗੂਆਂ ਵਿੱਚ ਮੱਤਭੇਦ ਦੂਰ ਕਰਨ ਲਈ ਸ੍ਰੀ ਅਹਿਮਦ ਪਟੇਲ ਨੂੰ ਜ਼ਿੰਮੇਵਾਰੀ ਸੌਂਪੀ ਹੋਈ ਹੈ। ਸ੍ਰੀ ਸਿੱਧੂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ।
ਪੰਜਾਬ ਮੰਤਰੀ ਮੰਡਲ ਵਿੱਚ 6 ਜੂਨ ਨੂੰ ਨਵੇਂ ਸਿਰੇ ਤੋਂ ਹੋਈ ਵਿਭਾਗਾਂ ਦੀ ਵੰਡ ਦੌਰਾਨ ਸ੍ਰੀ ਸਿੱਧੂ ਤੋਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਨਾਲ ਹੀ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਵੀ ਵਾਪਿਸ ਲੈ ਲਿਆ ਸੀ । ਉਨ੍ਹਾਂ ਨੂੰ ਨਵੇਂ ਸਿਰੇ ਤੋਂ ਬਿਜਲੀ ਵਿਭਾਗ ਅਤੇ ਨਵਿਆਉਣਯੋਗ ਊਰਜਾ ਵਿਭਾਗ ਦਿੱਤੇ ਗਏ ਸਨ। ਇਹ ਵਿਵਾਦ ਉਦੋਂ ਹੋਰ ਵੀ ਡੂੰਘਾ ਹੋ ਗਿਆ ਜਦੋਂ ਮੁੱਖ ਮੰਤਰੀ ਨੇ ਸਿੱਧੂ ਨੂੰ ਮੰਤਰੀਆਂ ਦੀਆਂ ਹੋਰ ਅਹਿਮ ਕਮੇਟੀਆਂ ਵਿੱਚੋਂ ਵੀ ਬਾਹਰ ਕਰ ਦਿੱਤਾ।
ਇਸ ਵਿਭਾਗੀ ਫੇਰ-ਬਦਲ ਸਬੰਧੀ ਸ੍ਰੀ ਸਿੱਧੂ ਨੇ ਉਦੋਂ ਕਿਹਾ ਸੀ ਕਿ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਕਾਰਨ ਸਿਰਫ ਜਨਤਕ ਤੌਰ ਉੱਤੇ ਉਸ ਦੇ ਹੀ ਵਿਭਾਗ ਬਦਲੇ ਗਏ ਹਨ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਸਾਬਕਾ ਵਿਧਾਇਕ ਡਾਕਟਰ ਨਵਜੋਤ ਕੌਰ ਨੇ ਜਨਤਕ ਤੌਰ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਸ਼ਨਿਚਰਵਾਰ ਨੂੰ ਹੋਈ ਇਸ ਮੁਲਾਕਾਤ ਬਾਰੇ ਵੀ ਸ੍ਰੀ ਸਿੱਧੁੂ ਦਾ ਪੱਖ ਜਾਨਣ ਲਈ ਸੰਪਰਕ ਨਹੀਂ ਹੋ ਸਕਿਆ। ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਸ੍ਰੀ ਸਿੱਧੂ ਆਪਣਾ ਨਵਾਂ ਵਿਭਾਗ ਸੰਭਾਲ ਸਕਦੇ ਹਨ ਅਤੇ ਨਹੀਂ ਫਿਰ ਕੋਈ ਹੋਰ ਹੱਲ ਲੱਭਿਆ ਜਾਵੇਗਾ, ਇਹ ਵਿਭਾਗ ਕਿਸੇ ਹੋਰ ਨੂੰ ਦੇਣ ਦਾ ਬਦਲ ਵੀ ਖੁੱਲ੍ਹਾ ਹੈ।
HOME ਸਿੱਧੂ ਵਿਵਾਦ: ਕੈਪਟਨ ਨੇ ਅਹਿਮਦ ਪਟੇਲ ਨਾਲ ਵਿਚਾਰਿਆ ਮੁੱਦਾ