ਬਿਜਲੀ ਮੋਰਚੇ ਲਈ ਡਟਣ ‘ਆਪ’ ਆਗੂ: ਕੇਜਰੀਵਾਲ

ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ਅੰਦਰ ਹੱਦੋਂ ਮਹਿੰਗੀਆਂ ਬਿਜਲੀ ਦਰਾਂ ਵਿਰੁੱਧ ਸ਼ੁਰੂ ਕੀਤੇ ਮੋਰਚੇ ਤਹਿਤ ‘ਆਪ’ ਦੇ ਆਗੂ ਅਗਲੇ ਦੋ ਮਹੀਨੇ ਪਿੰਡਾਂ ਅਤੇ ਮੁਹੱਲਿਆਂ ’ਚ ਜਾ ਕੇ ਮੁਹਿੰਮ ਚਲਾਉਣਗੇ।
ਇਹ ਫੈਸਲਾ ‘ਆਪ‘ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਚਲਾਏ ਜਾ ਰਹੇ ਬਿਜਲੀ ਮੋਰਚੇ ਦੀ ਅਗਲੇਰੀ ਰੂਪ ਰੇਖਾ ਲਈ ਦਿੱਲੀ ਵਿੱਚ ਬੁਲਾਈ ਮੀਟਿੰਗ ’ਚ ਲਿਆ ਹੈ।
ਸ੍ਰੀ ਕੇਜਰੀਵਾਲ ਦੇ ਸਰਕਾਰੀ ਨਿਵਾਸ ਵਿੱਚ ਹੋਈ ਮੀਟਿੰਗ ’ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਮੰਤਰੀ ਗੋਪਾਲ ਰਾਏ, ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਰੁਪਿੰਦਰ ਕੌਰ ਰੂਬੀ, ਮਨਜੀਤ ਸਿੰਘ ਬਿਲਾਸਪੁਰ, ਮੀਤ ਹੇਅਰ, ਜੈ ਕਿਸ਼ਨ ਸਿੰਘ ਰੌੜੀ, ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ, ਸੁਖਵਿੰਦਰ ਸੁੱਖੀ, ਜਮੀਲ-ਉਰ-ਰਹਿਮਾਨ, ਦਲਬੀਰ ਸਿੰਘ ਢਿੱਲੋਂ, ਡਾ. ਬਲਬੀਰ ਸਿੰਘ, ਮਨਜੀਤ ਸਿੰਘ ਸਿੱਧੂ, ਸਿਆਸੀ ਰੀਵਿਊ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਸਮੇਤ ਸਾਰੇ ਜ਼ਿਲ੍ਹਾ ਪ੍ਰਧਾਨ, ਹਲਕਾ ਪ੍ਰਧਾਨ, ਲੋਕ ਸਭਾ ਉਮੀਦਵਾਰ ਅਤੇ ਵੱਖ ਵੱਖ ਵਿੰਗਾਂ ਦੇ ਮੁਖੀ ਅਤੇ ਅਹੁਦੇਦਾਰ ਮੌਜੂਦ ਸਨ। ਇਸ ਮੌਕੇ ਵਿਧਾਇਕ ਮੀਤ ਹੇਅਰ ਨੂੰ ਬਿਜਲੀ ਮੋਰਚੇ ਦੇ ਸਮੁੱਚੇ ਪ੍ਰਬੰਧ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਇੱਕ ਬਿਜਲੀ ਮੋਰਚਾ ਕਮੇਟੀ ਗਠਿਤ ਕਰਨ ਦਾ ਫ਼ੈਸਲਾ ਲਿਆ ਗਿਆ, ਜੋ ਮਾਹਿਰਾਂ ਦੀ ਮੱਦਦ ਨਾਲ ਪੰਜਾਬ ਦੇ ਲੋਕਾਂ ਨੂੰ ਬਿਜਲੀ ਬਿਲਾਂ ਅਤੇ ਮੀਟਰਾਂ ਆਦਿ ਦੀ ਖ਼ੁਦ ਜਾਂਚ ਕਰਨ ਦੀ ਟਰੇਨਿੰਗ ਅਤੇ ਜਾਣਕਾਰੀ ਦੇਵੇਗੀ। ਦੱਸਣਯੋਗ ਹੈ ਕਿ ਪਹਿਲਾਂ ਅਮਨ ਅਰੋੜਾ ਬਿਜਲੀ ਅੰਦੋਲਨ ਦੇ ਕੋਆਰਡੀਨੇਟਰ ਬਣਾਏ ਗਏ ਸਨ। ਵਿਚਾਰ ਚਰਚਾ ਦੌਰਾਨ ਅਰੋੜਾ ਨੇ ਦੱਸਿਆ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਬਿਜਲੀ ਦੇ ਮੀਟਰ ਤੇਜ਼ ਚੱਲਦੇ ਹਨ ਅਤੇ ਨਿੱਜੀ ਬਿਜਲੀ ਕੰਪਨੀਆਂ ਰਾਹੀਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਸਮਝੌਤੇ ਰੱਦ ਕਰਨ ਵਾਲੇ ਆਪਣੇ ਚੋਣ ਵਾਅਦੇ ਤੋਂ ਹੀ ਮੁੱਕਰ ਗਏ ਹਨ। ਇਸ ਮੌਕੇ ਸ੍ਰੀ ਕੇਜਰੀਵਾਲ ਨੇ ਪੰਜਾਬ ਦੀ ਲੀਡਸ਼ਿਪ ਨੂੰ ਕਿਹਾ ਕਿ ਬਾਦਲਾਂ ਅਤੇ ਕਾਂਗਰਸੀਆਂ ਦੀਆਂ ਅਜਿਹੀਆਂ ਲੋਕ ਮਾਰੂ ਨੀਤੀਆਂ ਨੂੰ ਘਰ-ਘਰ ਜਾ ਕੇ ਬੇਪਰਦ ਕੀਤਾ ਜਾਵੇ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਵੀ ਪਿਛਲੀ ਕਾਂਗਰਸ ਸਰਕਾਰ ਨੇ ਨਿੱਜੀ ਬਿਜਲੀ ਕੰਪਨੀਆਂ ਨਾਲ ਗੱਠਜੋੜ ਕੀਤਾ ਸੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਇਸ ਬਿਜਲੀ ਮਾਫ਼ੀਆ ਨੂੰ ਤੋੜ ਕੇ ਦਿੱਲੀ ਦੇ ਲੋਕਾਂ ਨੂੰ ਸਭ ਤੋਂ ਸਸਤੀ ਬਿਜਲੀ ਮੁਹੱਈਆ ਕੀਤੀ ਗਈ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਛੇਤੀ ਹੀ ਬਿਜਲੀ ਦੀਆਂ ਦਰਾਂ ਵਿੱਚ ਹੋਰ ਕਟੌਤੀ ਕਰਕੇ ਦਿੱਲੀ ਦੇ ਲੋਕਾਂ ਨੂੰ ਹੋਰ ਰਾਹਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਦਿੱਲੀ ਸਰਕਾਰ ਲੋਕਾਂ ਨੂੰ ਰਾਹਤ ਦੇ ਸਕਦੀ ਹੈ ਤਾਂ ਕੈਪਟਨ ਸਰਕਾਰ ਅਜਿਹਾ ਕਿਉਂ ਨਹੀਂ ਕਰ ਸਕਦੀ? ਉਨ੍ਹਾਂ ਕਿਹਾ ਕਿ ਵਾਅਦੇ ਮੁਤਾਬਿਕ ਸਸਤੀ ਬਿਜਲੀ ਦੇਣਾ ਕੈਪਟਨ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ‘ਆਪ’ਦਾ ਬਿਜਲੀ ਮੋਰਚਾ ਇੱਕ ਦਿਨ ਕੈਪਟਨ ਸਰਕਾਰ ਨੂੰ ਝੁਕਾ ਦੇਵੇਗਾ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਉਹ ਮਹਿੰਗੀ ਬਿਜਲੀ ਅਤੇ ਬਾਦਲ, ਕਾਂਗਰਸੀਆਂ ਵੱਲੋਂ ਕਥਿਤ ਤੌਰ ’ਤੇ ਨਿੱਜੀ ਬਿਜਲੀ ਕੰਪਨੀਆਂ ਤੋਂ ਖਾਧੇ ਜਾ ਰਹੇ ਮੋਟੇ ਕਮਿਸ਼ਨ ਦਾ ਮੁੱਦਾ ਪਾਰਲੀਮੈਂਟ ’ਚ ਉਠਾਉਣਗੇ, ਕਿਉਂਕਿ ਇਹ ਦਲਾਲੀ ਸਿੱਧੀ ਆਮ ਬਿਜਲੀ ਖਪਤਕਾਰਾਂ ਦੀਆਂ ਜੇਬਾਂ ’ਚੋਂ ਦਿੱਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਮੀਟਿੰਗ ਵਿੱਚ ਪੰਜਾਬ ਦੇ ਜਥੇਬੰਦਕ ਢਾਂਚੇ ਦੀ ਕਾਰਗੁਜ਼ਾਰੀ ਉਪਰ ਵੀ ਚਰਚਾ ਹੋਈ ਅਤੇ ਸੂਬੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਈ ਹੋਰ ਕਦਮ ਚੁੱਕਣ ਦੇ ਵੀ ਫੈਸਲੇ ਹੋਏ।

Previous articleਸਿੱਧੂ ਵਿਵਾਦ: ਕੈਪਟਨ ਨੇ ਅਹਿਮਦ ਪਟੇਲ ਨਾਲ ਵਿਚਾਰਿਆ ਮੁੱਦਾ
Next article‘ਮੇਰੀਆਂ ਅੱਖਾਂ ਸਾਹਮਣੇ ਪੁੱਤ ਨੂੰ ਗੋਲੀਆਂ ਮਾਰੀਆਂ’