ਸਿੱਖ ਯੂਥ ਸਪੋਰਟਸ ਸੁਸਾਇਟੀ ਤੇ ਟੀਮ ਪੰਜਾਬੀ ਵੱਲੋਂ ਐਂਟੀ ਡੋਪਿੰਗ ਸੈਮੀਨਾਰ-

ਕੈਨੇਡਾ, ਸਰੀ – (ਹਰਜਿੰਦਰ ਛਾਬੜਾ) ਸਿੱਖ ਯੂਥ ਸਪੋਰਟਸ ਸੁਸਾਇਟੀ ਅਤੇ ਟੀਮ ਪੰਜਾਬੀ ਵੱਲੋਂ ਕਬੱਡੀ ਵਿਚ ਐਂਟੀ ਡੋਪਿੰਗ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਖਿਡਾਰੀਆਂ, ਪ੍ਰੋਮੋਟਰਾਂ ਤੇ ਖੇਡ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਲੱਕੀ ਕੁਰਾਲੀ ਨੇ ਬਾਖੂਬੀ ਕਰਦਿਆਂ ਵੱਖ ਵੱਖ ਬੁਲਾਰਿਆਂ ਨੂੰ ਉਚਿਤ ਸਮਾਂ ਦਿੰਦਿਆਂ ਉਹਨਾਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ ‘ਤੇ ਮੌਕੇ ‘ਤੇ ਮੌਜੂਦ ਮਾਹਿਰਾਂ ਅਤੇ ਕਬੱਡੀ ਪ੍ਰੋਮੋਟਰਾਂ ਦੀ ਰਾਇ ਨੂੰ ਕਿਸੇ ਸਿੱਟੇ ‘ਤੇ ਪਹੁੰਚਾਉਣ ਦਾ ਯਤਨ ਕੀਤਾ। ਮੰਚ ਉਪਰ ਉਲੰਪੀਅਨ ਅਰਜਨ ਭੁੱਲਰ, ਡਾ ਗੁਲਜ਼ਾਰ ਸਿੰਘ ਚੀਮਾ, ਲੱਕੀ ਕੁਰਾਲੀ ਤੇ ਸੁਖਬੀਰ ਸਿੰਘ ਲੈਬ ਟਕਸ਼ੀਅਨ ਹਾਜ਼ਰ ਸਨ।
           ਕੱਬਡੀ ਵਿਚ ਡਰੱਗ, ਡੋਪ, ਡੋਪ ਟੈਸਟ ਦੀ ਜ਼ਰੂਰਤ, ਨਿਊਟ੍ਰੀਸ਼ਨ, ਡੋਪਿੰਗ ਦੇ ਕੁਪ੍ਰਭਾਵ ਅਤੇ ਕਬੱਡੀ ਨੂੰ ਪੁੱਜੇ ਰਹੇ ਨੁਕਸਾਨ ਅਤੇ ਕਬੱਡੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੱਖ ਵੱਖ ਬੁਲਾਰਿਆਂ ਨੇ ਵਡਮੁੱਲੇ ਸੁਝਾਅ ਦਿੰਦਿਆਂ ਆਪਣੇ ਕੌੜੇ ਤਜੁਰਬੇ ਸਾਂਝੇ ਕੀਤੇ। ਫੌਕੀ ਹਾਉਂਮੈ ਵਿਚ ਗਰੱਸੇ ਖੇਡ ਪ੍ਰੋਮੋਟਰਾਂ ਦੀ ਨਾਕਾਰਤਮਕ ਭੂਮਿਕਾ ਬਾਰੇ ਵੀ ਖੁੱਲਕੇ ਚਰਚਾ ਹੋਈ। ਕਬੱਡੀ ਨੂੰ ਬਚਾਉਣ ਅਤੇ ਇਸਨੂੰ ਵਿਸ਼ਵ ਪੱਧਰੀ ਖੇਡ ਬਣਾਉਣ ਦੀਆਂ ਸੰਭਾਵਨਾਵਾਂ ਉਪਰ ਚਰਚਾ ਕਰਦਿਆਂ ਵਿਸ਼ਵ ਪੱਧਰ ਦੀ ਇਕ ਫੈਡਰੇਸ਼ਨ ਦੀ ਕਾਇਮੀ ਉਪਰ ਜ਼ੋਰ ਦਿੱਤਾ ਗਿਆ।
            ਇਸ ਮੌਕੇ ਵਿਚਾਰ ਪ੍ਰਗਟ ਕਰਨ ਵਾਲਿਆਂ ਵਿਚ ਮੁੱਖ ਰੂਪ ਵਿਚ ਪੁਲਿਸ ਅਧਿਕਾਰੀ ਜੈਗ ਖੋਸਾ, ਡਾ ਗੁਲਜ਼ਾਰ ਸਿੰਘ ਚੀਮਾ, ਪਹਿਲਵਾਨ ਅਰਜਨ ਭੁੱਲਰ, ਐਮ ਪੀ ਸੁਖ ਧਾਲੀਵਾਲ, ਸੋਨੂ ਜੰਪ, ਲੱਖਾ ਗਾਜ਼ੀਪੁਰੀਆ, ਪਾਲਾ ਜਲਾਲਪੁਰੀਆ, ਮੱਖਣ ਅਲੀ, ਸ਼ਿੰਦਾ ਅਚਰਵਾਲ, ਕੁਲਵਿੰਦਰ ਸੰਧੂ, ਸਾਬੀ ਤੱਖਰ, ਹਰਦੀਪ ਤਾਊ ਤੋਂਗਾਵਾਲੀਆ , ਰਘਬੀਰ ਸਿੰਘ ਨਿੱਝਰ, ਲੱਖਾ ਸਿਧਵਾਂ, ਮੱਖਣ ਅਲੀ ਤੇ ਹੋਰ ਕਈ ਪ੍ਰਮੁੱਖ ਖਿਡਾਰੀ ਅਤੇ ਖੇਡ ਪ੍ਰੋਮੋਟਰ ਹਾਜ਼ਰ ਸਨ।
                 ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕੁਲਵਿੰਦਰ ਸੰਧੂ ਨੇ ਕਿਹਾ ਕਿ ਕੈਨੇਡੀਅਨ ਮਾਪਿਆਂ ਦੀ ਇਹ ਇੱਛਾ ਹੈ ਕਿ ਉਹਨਾਂ ਦੇ ਬੱਚੇ ਕਬੱਡੀ ਖੇਡਣ ਪਰ ਡਰੱਗ ਕਾਰਣ ਉਹ ਆਪਣੇ ਬੱਚਿਆਂ ਨੂੰ ਇਸ ਪਾਸੇ ਪਾਉਣ ਤੋਂ ਡਰਦੇ ਹਨ। ਉਹਨਾਂ ਕਿਹਾ ਕਿ ਅਗਰ ਅਸੀਂ ਕਬੱਡੀ ਨੂੰ ਨਸ਼ਾ ਮੁਕਤ ਕਰਨ ਲਈ ਸੁਹਿਰਦ ਯਤਨ ਕਰਨ ਦੀ ਲੋੜ ਹੈ। ਇਸ ਮੌਕੇ ਐਮ ਪੀ ਸੁਖ ਧਾਲੀਵਾਲ ਨੇ ਕੈਨਡਾ ਵਿਚ ਕੱਬਡੀ ਦੀ ਪ੍ਰੋਮੋਸ਼ਨ ਲਈ ਲਿਬਰਲ ਸਰਕਾਰ ਵੱਲੋਂ ਕੀਤੇ ਗਏ ਯਤਨਾਂ ਅਤੇ ਖੇਡ ਕਲੱਬਾਂ ਨੂੰ ਦਿੱਤੇ ਗਏ ਸਹਿਯੋਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਨੇ ਸ਼ੁਰੂ ਤੋਂ ਹੀ ਇਹ ਮੰਗ ਰੱਖੀ ਸੀ ਕਿ ਜਿਹੜੇ ਵੀ ਕਬੱਡੀ ਖਿਡਾਰੀ ਕੈਨੇਡਾ ਵਿਚ ਖੇਡਣ ਉਹਨਾਂ ਸਭ ਦੇ ਡੋਪ ਟੈਸਟ ਜ਼ਰੂਰੀ ਕਰਾਰ ਦਿੱਤੇ ਜਾਣ। ਉਹਨਾਂ ਖੁਸ਼ੀ ਪ੍ਰਗਟ ਕੀਤੀ ਕਿ ਉਹਨਾਂ ਦੇ ਇਸ ਸੁਝਾਅ ਨੂੰ ਮੰਨਣ ਲਈ ਹੁਣ ਸਾਰੀਆਂ ਕਲੱਬਾਂ ਤੇ ਫੈਡਰੇਸ਼ਨਾਂ ਇਕਮੱਤ ਹਨ। ਉਹਨਾਂ ਨੇ ਕਬੱਡੀ ਖਿਡਾਰੀਆਂ ਲਈ ਕੈਨੇਡੀਅਨ ਵੀਜ਼ੇ ਵਾਸਤੇ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਗਰਾਮ ਨੂੰ ਜਾਰੀ ਰੱਖੇ ਜਾਣ ਲਈ ਡੋਪ ਟੈਸਟ ਨੂੰ ਜ਼ਰੂਰੀ ਕਰਾਰ ਦਿੱਤੇ ਜਾਣ ਨੂੰ ਸਮੇਂ ਦੀ ਮੰਗ ਦੱਸਿਆ। ਉਹਨਾਂ ਹੋਰ ਕਿਹਾ ਕਿ ਉਹ ਕੱਬਡੀ ਦੀ ਪ੍ਰੋਮੋਸ਼ਨ ਲਈ ਹਮੇਸ਼ਾ ਆਪਣਾ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਵੇਟ ਲਿਫਟਿੰਗ ਦੀਆਂ ਉਭਰਦੀਆਂ ਖਿਡਾਰਨਾਂ ਬਿਲਨ ਭੈਣਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
Previous articleAmbitious ‘back to village’ programme starts in J&K
Next articleਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ਤੇ ਟਰੈਫਿਕ ਅਤੇ ਸਵਾਰੀਆਂ ਦੀ ਸਹੂਲਤ ਸੰਬੰਧੀ ਡੀ.ਏ.ਵੀ. ਕਾਲਜ ਦੇ ਅੇਨ.ਸੀ.ਸੀ. ਕੈਡਟਾਂ ਵਲੋਂ ਨਿਵੇਕਲਾ ਉਪਰਾਲਾ