ਲੰਡਨ (ਸਮਾਜ ਵੀਕਲੀ) :- ਸੇਵਾ ਟਰੱਸਟ ਯੂ. ਕੇ. ਦੇ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਨੂੰ ਉਨ੍ਹਾਂ ਵੱਲੋਂ ਸਿੱਖ ਮਿਸ਼ਨਰੀ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਸਿੱਖੀ ਕਾਰਜਾਂ ਅਤੇ ਐਜੂਕੇਸ਼ਨ ਪ੍ਰੋਜੈਕਟਾਂ ਵਿੱਚ ਸਹਿਯੋਗ ਦੇਣ ਲਈ ਅਤੇ ਸਮਾਜ ਭਲਾਈ ਕਾਰਜਾਂ ਲਈ ਐਵਾਰਡ ਦਿੱਤਾ ਗਿਆ ਹੈ।
ਸੁਸਾਇਟੀ ਵੱਲੋਂ ਲੰਡਨ ਸਾਊਥਹਾਲ ਵਿੱਚ ਚਲਾਏ ਜਾ ਰਹੇ ਨੈਸ਼ਨਲ ਸਿੱਖ ਰਿਸੋਰਸ ਸੈਂਟਰ ਵਿਖੇ ਐਜੂਕੇਸ਼ਨ ਸਕੱਤਰ ਸ. ਤੇਜਾ ਸਿੰਘ ਮਾਂਗਟ ਨੇ ਇਹ ਐਵਾਰਡ ਭੇਟ ਕੀਤਾ।
ਇਸ ਮੌਕੇ ਸ. ਮਾਂਗਟ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਅਤੇ ਸਿੱਖ ਮਿਸ਼ਨਰੀ ਸੁਸਾਇਟੀ ਦੀ 50ਵੀਂ ਵਰ੍ਹੇਗੰਢ ਮਨਾਉਂਦੇ ਹੋਏ ਇਹ ਐਵਾਰਡ ਸੇਖੋਂ ਪਰਿਵਾਰ ਅਤੇ ਉਨ੍ਹਾਂ ਦੇ ਬੱਚਿਆਂ ਦੁਆਰਾ ਦਿੱਤੀਆਂ ਸੁਸਾਇਟੀ ਲਈ ਸੇਵਾਵਾਂ, ਸਿੱਖੀ ਕੈਂਪਾਂ ਵਿੱਚ ਸੇਵਾ ਅਤੇ ਸ. ਸੇਖੋਂ ਦੁਆਰਾ ਧਾਰਮਿਕ, ਸਮਾਜਿਕ ਅਤੇ ਚੈਰਿਟੀ ਸੇਵਾਵਾਂ ਲਈ ਸੁਸਾਇਟੀ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਪਿਛਲੇ 50 ਸਾਲਾਂ ਤੋਂ ਲਗਾਤਾਰ ਨਿਸ਼ਕਾਮ ਸੇਵਾ ਕਰਦੀ ਆ ਰਹੀ ਹੈ ਅਤੇ ਸੰਗਤਾਂ ਦੇ ਸਹਿਯੋਗ ਨਾਲ ਸੁਸਾਇਟੀ ਧਾਰਮਿਕ, ਸਮਾਜਿਕ ਅਤੇ ਐਜੂਕੇਸ਼ਨ ਕਾਰਜਾਂ ਲਈ ਅਗਾਂਹ ਤੋਂ ਵੀ ਯਤਨਸ਼ੀਲ ਰਹੇਗੀ।