ਸਿੱਖ ਭਾਈਚਾਰਾ ਅਮਰੀਕੀ ਤਾਣੇ ਬਾਣੇ ਦਾ ਹਿੱਸਾ: ਅਟਾਰਨੀ ਜਨਰਲ ਗਰੇਵਾਲ

ਨਿਊ ਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਨੇ ਕਿਹਾ ਕਿ ਘੱਟ ਗਿਣਤੀ ਸਿੱਖ ਭਾਈਚਾਰਾ ਅਮਰੀਕੀ ਤਾਣੇ ਬਾਣੇ ਦਾ ਹਿੱਸਾ ਹੈ ਤੇ ਦੇਸ਼ ਦੀ ਸੁਰੱਖਿਆ ਵਿਚ ਯੋਗਦਾਨ ਪਾ ਰਿਹਾ ਹੈ। ਸ੍ਰੀ ਗਰੇਵਾਲ ਕਿਸੇ ਅਮਰੀਕੀ ਰਾਜ ਵਿਚ ਬਣਨ ਵਾਲੇ ਪਹਿਲੇ ਅਟਾਰਨੀ ਜਨਰਲ ਹਨ। ਉਹ ਪਿਛਲੇ ਦਿਨੀਂ ਜਰਸੀ ਸਿਟੀ ਵਿਚ ਕਰਵਾਏ ਸਿੱਖ ਅਮੈਰਿਕਨ ਚੈਂਬਰ ਆਫ ਕਾਮਰਸ (ਐਸਏਸੀਸੀ) ਦੇ ਸੱਤਵੇਂ ਸਾਲਾਨਾ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ‘‘ ਵਰਤਮਾਨ ਜਾਂ ਅਤੀਤ ਵਿਚ ਮੈਂ ਜਿਹੜੇ ਵੀ ਅਹੁਦੇ ’ਤੇ ਰਿਹਾ ਹਾਂ ਤਾਂ ਮੈਂ ਆਪਣੀ ਸੇਵਾ ਤੇ ਕਾਰਜ ਦੇ ਜ਼ਰੀਏ ਸੂਝ ਬੂਝ ਤੇ ਪ੍ਰਵਾਨਗੀ ਨੂੰ ਬੜਾਵਾ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਦਰਸਾਇਆ ਹੈ ਕਿ ਸਿੱਖ ਇਸ ਮੁਲਕ ਦੇ ਤਾਣੇ ਬਾਣੇ ਦਾ ਹਿੱਸਾ ਹਨ ਤੇ ਅਸੀਂ ਇਸ ਮੁਲਕ ਵਿਚ ਸਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਆਪਣਾ ਯੋਗਦਾਨ ਪਾ ਰਹੇ ਹਾਂ।’’ ਹੋਬੋਕਨ ਦੇ ਮੇਅਰ ਰਵੀ ਭੱਲਾ ਨੇ ਕਿਹਾ ਕਿ ਐਸਏਸੀਸੀ ਜਿਹੀਆਂ ਸੰਸਥਾਵਾਂ ਦੀ ਅਹਿਮੀਅਤ ਵਧ ਰਹੀ ਹੈ ਜਿੱਥੇ ਕਾਰੋਬਾਰਾਂ ਦੀ ਵੁੱਕਤ ਸਮਝੀ ਜਾਂਦੀ ਹੈ ਤੇ ਉਹ ਮਿਲ ਜੁਲ ਕੇ ਲੋਕਾਂ ਦੇ ਜੀਵਨ ਵਿਚ ਚੰਗੀ ਤਬਦੀਲੀ ਲਿਆ ਰਹੇ ਹਨ। ਖ਼ਾਲਸਾ ਏਡ ਇੰਟਰਨੈਸ਼ਨਲ ਦੇ ਸੀਈਓ ਰਵੀ ਸਿੰਘ ਨੇ ਮਾਨਵਤਾ ਦੀ ਭਲਾਈ ਖਾਤਰ ਸਿੱਖਾਂ ਨੂੰ ਇਕਜੁੱਟ ਹੋਣ ਤੇ ਵਿਸ਼ਵਾਸ, ਆਸ ਤੇ ਮਾਨਵਤਾ ਦਾ ਸੰਦੇਸ਼ ਫੈਲਾਉਣ ਦਾ ਹੋਕਾ ਦਿੱਤਾ।

Previous articleਸ਼ਰਦੁਲ ਦੀ ਥਾਂ ਉਮੇਸ਼ ਯਾਦਵ ਇੱਕ ਰੋਜ਼ਾ ਟੀਮ ਵਿੱਚ ਸ਼ਾਮਲ
Next articleਸ਼ਬਰੀਮਾਲਾ ਵਿਵਾਦ: ਮਹਿਲਾਵਾਂ ਨੂੰ ਮੰਦਰ ਤੱਕ ਨਾ ਪਹੁੰਚਣ ਦਿੱਤਾ