ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਸਿੱਖ ਕਤਲੇਆਮ ਕੇਸ ਦੀ ਮੁੱਖ ਗਵਾਹ ਅਤੇ ਪੀੜਤ ਬੀਬੀ ਜਗਦੀਸ਼ ਕੌਰ ਨੂੰ ਉਨ੍ਹਾਂ ਦੇ ਘਰ ਜਾ ਕੇ ਸਨਮਾਨਿਤ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸਿੱਖ ਕਤਲੇਆਮ ਮਾਮਲੇ ਵਿਚ ਗਾਂਧੀ ਪਰਿਵਾਰ ਜ਼ਿੰਮੇਵਾਰ ਹੈ। ਨਵੇਂ ਵਰ੍ਹੇ ਦੀ ਸ਼ੁਰੂਆਤ ਤੋਂ ਪਹਿਲਾਂ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੇ ਬੀਬੀ ਜਗਦੀਸ਼ ਕੌਰ ਨੂੰ ਸਿਰੋਪਾਓ ਭੇਂਟ ਕੀਤਾ। ਸਿੱਖ ਕਤਲੇਆਮ ਵਿਚ ਬੀਬੀ ਜਗਦੀਸ਼ ਕੌਰ ਦੇ ਪਤੀ, ਬੇਟੇ, ਭਰਾਵਾਂ ਸਮੇਤ ਪਰਿਵਾਰ ਦੇ ਕਈ ਜੀਅ ਕਤਲ ਕਰ ਦਿੱਤੇ ਗਏ ਸਨ। ਉਹ ਲੰਮੇ ਸਮੇਂ ਤੋਂ ਇਹ ਕੇਸ ਲੜ ਰਹੀ ਹੈ ਅਤੇ ਇਕ ਮੁੱਖ ਗਵਾਹ ਵੀ ਹੈ। ਘਟਨਾ ਦੇ ਵੇਰਵੇ ਬੀਬੀ ਜਗਦੀਸ਼ ਕੌਰ ਕੋਲੋਂ ਸੁਣਨ ਤੋਂ ਬਾਅਦ ਸ੍ਰੀ ਬਾਦਲ ਨੇ ਦੋਸ਼ ਲਾਇਆ ਕਿ ਕਤਲੇਆਮ ਲਈ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਜ਼ਿੰਮੇਵਾਰ ਹਨ। ਬੀਬੀ ਜਗਦੀਸ਼ ਕੌਰ ਨੇ ਦੋਸ਼ ਲਾਇਆ ਕਿ ਸੱਜਣ ਕੁਮਾਰ ਰਾਜੀਵ ਗਾਂਧੀ ਦੇ ਹੁਕਮਾਂ ’ਤੇ ਹੀ ਸਾਰੀ ਗਤੀਵਿਧੀ ਕਰ ਰਹੇ ਸਨ। ਅਕਾਲੀ ਆਗੂਆਂ ਨੇ ਕਿਹਾ ਕਿ ਸੋਨੀਆ ਗਾਂਧੀ ਕੋਲੋਂ ਵੀ ਇਸ ਮਾਮਲੇ ਵਿਚ ਪੁੱਛਗਿੱਛ ਹੋਣੀ ਚਾਹੀਦੀ ਹੈ ਵਾਜਬ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਬੀਬੀ ਜਗਦੀਸ਼ ਕੌਰ ਨੇ ਤਿੰਨ ਦਿਨ ਘਰ ਵਿਚ ਆਪਣੇ ਪਰਿਵਾਰ ਦੇ ਤਿੰਨ ਜੀਆਂ ਦੀਆਂ ਲਾਸ਼ਾਂ ਨੂੰ ਰੱਖਿਆ ਅਤੇ ਇਕੱਲੇ ਹੀ ਲਾਸ਼ਾਂ ਦੇ ਨਾਲ ਰਹੇ। ਸ੍ਰੀ ਬਾਦਲ ਨੇ ਬੀਬੀ ਜਗਦੀਸ਼ ਕੌਰ ਦੇ ਹੌਸਲੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ ਲੰਮਾਂ ਸਮਾਂ ਕਾਨੂੰਨੀ ਲੜਾਈ ਲੜੀ ਤੇ ਹੁਣ ਜਾ ਕੇ ਨਿਆਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਬੀਬੀ ਜਗਦੀਸ਼ ਕੌਰ ਨੇ ਕੌਮ ਲਈ ਲੜੀ ਹੈ ਤੇ ਇਸ ਨਾਲ ਹੋਰ ਪੀੜਤਾਂ ਨੂੰ ਵੀ ਇਨਸਾਫ਼ ਦੀ ਆਸ ਬੱਝੀ ਹੈ। ਇਸ ਮੌਕੇ ਹੋਰ ਅਕਾਲੀ ਆਗੂ ਵੀ ਹਾਜ਼ਰ ਸਨ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਤੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਆਤਮ ਸਮਰਪਣ ਨੂੰ ਸੰਘਰਸ਼ ਦੀ ਜਿੱਤ ਦੱਸਿਆ ਹੈ। ਸਿੱਖ ਆਗੂਆਂ ਨੇ ਕਿਹਾ ਕਿ ਸੱਜਣ ਕੁਮਾਰ ਖ਼ਿਲਾਫ਼ ਦੋਸ਼ ਸਾਬਿਤ ਹੋਣ ਤੋਂ ਬਾਅਦ ਹੋਰ ਮੁਲਜ਼ਮਾਂ ਨੂੰ ਹੁਣ ਬਚਾਉਣ ਦਾ ਯਤਨ ਨਾ ਕੀਤਾ ਜਾਵੇ।
INDIA ਸਿੱਖ ਕਤਲੇਆਮ ਮਾਮਲੇ ’ਚ ਗਵਾਹ ਜਗਦੀਸ਼ ਕੌਰ ਦਾ ਸਨਮਾਨ