ਸਿੰਧੂ ਸ਼ਿਕਾਇਤ ਦੀ ਥਾਂ ਚੁਣੌਤੀਆਂ ਦਾ ਸਾਹਮਣਾ ਕਰੇ: ਗੋਪੀਚੰਦ

ਮੁੱਖ ਕੌਮੀ ਕੋਚ ਪੁਲੇਲਾ ਗੋਪੀਚੰਦ ਨੇ ਸਵੀਕਾਰ ਕੀਤਾ ਕਿ ਬੀਡਬਲਯੂਐੱਫ ਦੇ ਰੁਝੇਵੇਂ ਵਾਲੇ ਪ੍ਰੋਗਰਾਮ ਕਾਰਨ ਪ੍ਰੇਸ਼ਾਨੀਆਂ ਹੋ ਰਹੀਆਂ ਹਨ, ਪਰ ਇਸ ਦੇ ਨਾਲ ਹੀ ਉਸ ਦਾ ਮੰਨਣਾ ਹੈ ਕਿ ਪੀਵੀ ਸਿੰਧੂ ਵਰਗੀ ਖਿਡਾਰਨ ਨੂੰ ਇਸ ਦੀ ਸ਼ਿਕਾਇਤ ਕਰਨ ਦੀ ਥਾਂ ਇਸ ਨਾਲ ਤਾਲਮੇਲ ਬਿਠਾਉਣਾ ਹੋਵੇਗਾ। ਸਿੰਧੂ ਨੇ ਬੀਤੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ ਸੀ, ਪਰ ਉਸ ਮਗਰੋਂ ਉਹ ਕੋਈ ਹੋਰ ਟੂਰਨਾਮੈਂਟ ਨਹੀਂ ਜਿੱਤ ਸਕੀ।
ਗੋਪੀਚੰਦ ਨੇ ਇੱਥੇ ਇੱਕ ਪ੍ਰੋਗਰਾਮ ਤੋਂ ਵੱਖਰੇ ਤੌਰ ’ਤੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਰੁਝੇਵੇਂ ਵਾਲੇ ਪ੍ਰੋਗਰਾਮ ਸੀਨੀਅਰ ਖਿਡਾਰੀਆਂ ਲਈ ਸਮੱਸਿਆ ਰਹੇ ਹਨ ਪਰ ਇਹ ਮਸਲਾ ਸਾਰੇ ਖਿਡਾਰੀਆਂ ਨਾਲ ਜੁੜਿਆ ਹੈ। ਸੀਨੀਅਰ ਖਿਡਾਰੀ ਹੋਣ ਦੇ ਨਾਤੇ ਇਹ ਉਸ ਦਾ (ਸਿੰਧੂ) ਦਾ ਫ਼ਰਜ਼ ਹੈ ਕਿ ਉਹ ਸ਼ਿਕਾਇਤ ਕੀਤੇ ਬਿਨਾਂ ਇਸ ਨਾਲ ਤਾਲਮੇਲ ਬਿਠਾਵੇ।’’ ਉਸ ਨੇ ਕਿਹਾ, ‘‘ਸਿੰਧੂ ਆਪਣੀਆਂ ਕੁੱਝ ਗ਼ਲਤੀਆਂ ’ਤੇ ਕੰਮ ਕਰ ਰਹੀ ਹੈ ਅਤੇ ਉਮੀਦ ਹੈ ਕਿ ਅਸੀਂ ਇਸ ਦਾ ਹੱਲ ਕੱਢਣ ਵਿੱਚ ਸਫਲ ਹੋਵਾਂਗੇ।’’ ਗੋਪੀਚੰਦ ਨੂੰ ਭਰੋਸਾ ਹੈ ਕਿ ਸਿੰਧੂ ਓਲੰਪਿਕ ਸਮੇਂ ਪਾਸਾ ਪਲਟਣ ਵਿੱਚ ਸਫਲ ਰਹੇਗੀ। ਉਸ ਨੇ ਕਿਹਾ, ‘‘ਸਾਡੇ ਕੋਲ ਚੰਗੀ ਟੀਮ ਹੈ, ਜਿਸ ਵਿੱਚ ਕੋਚ ਵਜੋਂ ਪਾਰਕ (ਤਾਈ ਸੈਂਗ) ਹਨ, ਸ੍ਰੀਕਾਂਤ ਟ੍ਰੇਨਰ ਹੈ। ਉਮੀਦ ਹੈ ਕਿ ਆਉਣ ਵਾਲੇ ਮਹੀਨਿਆਂ ਅਤੇ ਓਲੰਪਿਕ ਤੋਂ ਪਹਿਲਾਂ ਅਸੀਂ ਚੰਗੀ ਤਿਆਰੀ ਕਰਾਂਗੇ।’’ ਗੋਪੀਚੰਦ ਨੂੰ ਉਮੀਦ ਹੈ ਕਿ ਰੀਓ ਓਲੰਪਿਕ ਦੀ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਟੋਕੀਓ ਓਲੰਪਿਕ ਵਿੱਚ ਤਗ਼ਮੇ ਜਿੱਤਣ ਵਿੱਚ ਸਫਲ ਰਹੇਗੀ। ਸਿੰਧੂ ਨੇ ਟੋਕੀਓ ਲਈ ਟਿਕਟ ਹਾਸਲ ਕਰ ਲਈ ਹੈ, ਜਦੋਂਕਿ ਸਾਇਨਾ ਨੇਹਵਾਲ ਅਤੇ ਕਿਦਾਂਬੀ ਸ੍ਰੀਕਾਂਤ ਅਜੇ ਦੌੜ ’ਚ ਹਨ।

Previous articleSensex ends 226 pts higher, banks gain
Next articleUS ready to assist Pakistan: Alice Wells