ਸਿੰਧੂ ਤੇ ਸਾਇਨਾ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ਦੇ ਦੂਜੇ ਗੇੜ ’ਚ

ਸੀਨੀਅਰ ਭਾਰਤੀ ਸ਼ਟਲਰ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨੇ ਅੱਜ ਇੱਥੇ ਜਿੱਤ ਦਰਜ ਕਰਦਿਆਂ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ, ਪਰ ਕਿਦਾਂਬੀ ਸ੍ਰੀਕਾਂਤ ਨੂੰ ਉਲਟਫੇਰ ਦਾ ਸਾਹਮਣਾ ਕਰਨਾ ਪਿਆ।
ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਨੇ ਜਾਪਾਨ ਦੀ ਤਾਕਾਹਾਸ਼ੀ ਸਯਾਕਾ ਨੂੰ ਸਿੱਧੇ ਗੇਮ ਵਿੱਚ ਹਰਾਇਆ। ਸਿੰਧੂ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਇਆ ਹੋਇਆ ਸੀ ਅਤੇ ਉਸ ਨੇ ਸਿਰਫ਼ 28 ਮਿੰਟ ਵਿੱਚ 21-14, 21-7 ਨਾਲ ਜਿੱਤ ਹਾਸਲ ਕੀਤੀ। ਚੌਥਾ ਦਰਜਾ ਪ੍ਰਾਪਤ ਇਹ ਭਾਰਤੀ ਖਿਡਾਰਨ ਹੁਣ ਅਗਲੇ ਗੇੜ ਵਿੱਚ ਇੰਡੋਨੇਸ਼ੀਆ ਦੀ ਚੋਈਰੂਨਿਸਾ ਨਾਲ ਭਿੜੇਗੀ। ਦੁਨੀਆ ਦੀ ਨੌਂਵੇਂ ਨੰਬਰ ਦੀ ਖਿਡਾਰਨ ਸਾਇਨਾ ਨੂੰ ਹਾਲਾਂਕਿ ਚੀਨ ਦੀ ਹਾਨ ਯੁਏ ਨੂੰ ਪਛਾੜਣ ਵਿੱਚ ਥੋੜ੍ਹਾ ਪਸੀਨਾ ਵਹਾਉਣਾ ਪਿਆ।
ਸੱਤਵਾਂ ਦਰਜਾ ਪ੍ਰਾਪਤ ਭਾਰਤੀ ਨੇ ਪਹਿਲਾ ਗੇਮ ਗੁਆਉਣ ਮਗਰੋਂ ਮਜ਼ਬੂਤੀ ਨਾਲ ਵਾਪਸੀ ਕਰਦਿਆਂ 12-21, 21-11, 21-17 ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਲੰਡਨ ਓਲੰਪਿਕ ਦੀ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਸਾਇਨਾ ਹੁਣ ਦੱਖਣੀ ਕੋਰੀਆ ਦੀ ਕਿਮ ਗਾ ਯੁਨ ਨਾਲ ਭਿੜੇਗੀ।ਪੁਰਸ਼ ਸਿੰਗਲਜ਼ ਵਿੱਚ ਪੰਜਵਾਂ ਦਰਜਾ ਪ੍ਰਾਪਤ ਸ੍ਰੀਕਾਂਤ 44 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਇੰਡੋਨੇਸ਼ੀਆ ਦੇ ਸ਼ੇਸਾਰ ਹਿਰੇਨ ਰੂਸਤਾਵਿਤੋ ਤੋਂ 16-21, 20-22 ਨਾਲ ਹਾਰ ਗਿਆ। ਇੰਡੀਅਨ ਓਪਨ ਦੇ ਫਾਈਨਲਿਸਟ ਸ੍ਰੀਕਾਂਤ ਦੀ ਰੂਸਤਾਵਿਤੋ ਨਾਲ ਇਹ ਦੂਜਾ ਭੇੜ ਸੀ। ਦੋਵੇਂ 2011 ਵਿੱਚ ਬੀਡਬਲਯੂਐਫ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਇੱਕ-ਦੂਜੇ ਨਾਲ ਭਿੜੇ ਸਨ, ਜਿਸ ਵਿੱਚ ਇੰਡੋਨੇਸ਼ਿਆਈ ਖਿਡਾਰੀ ਜੇਤੂ ਰਿਹਾ ਸੀ। ਸਮੀਰ ਵਰਮਾ ਨੇ ਜਾਪਾਨ ਦੇ ਸਕਾਈ ਕਾਜ਼ੁਮਾਸਾ ’ਤੇ ਸਖ਼ਤ ਮੁਕਾਬਲੇ ਵਿੱਚ 21-13, 17-21, 21-18 ਨਾਲ ਜਿੱਤ ਹਾਸਲ ਕੀਤੀ। ਹੁਣ ਦੁਨੀਆ ਦੇ 15ਵੇਂ ਨੰਬਰ ਦੇ ਭਾਰਤੀ ਖਿਡਾਰੀ ਦਾ ਸਾਹਮਣਾ ਹਾਂਗਕਾਂਗ ਦੇ ਨਿਗ ਦਾ ਲੋਂਕ ਐਂਗੁਸ ਨਾਲ ਹੋਵੇਗਾ। ਐਮਆਰ ਅਰਜਨ ਅਤੇ ਰਾਮਚੰਦਰਨ ਸ਼ਲੋਕ ਦੇ ਹਾਰਨ ਕਾਰਨ ਭਾਰਤ ਦਾ ਪੁਰਸ਼ ਡਬਲਜ਼ ਵਿੱਚ ਸਫ਼ਰ ਖ਼ਤਮ ਹੋ ਗਿਆ। ਮਹਿਲਾ ਡਬਲਜ਼ ਵਿੱਚ ਮੇਘਨਾ ਜੱਕਮਪੁੜੀ ਅਤੇ ਪੂਰਵਿਸ਼ਾ ਐਸ ਰਾਮ ਦੀ ਜੋੜੀ ਥਾਈਲੈਂਡ ਦੀ ਜੋਂਗਕੋਲਫਾਨ ਕਿਟਿਅਹਾਰਾ ਕੁਲ ਅਤੇ ਰਾਵਿੰਡਾ ਪ੍ਰਜੋਂਗਜਾਈ ਦੀ ਜੋੜੀ ਤੋਂ 21-13, 21-16 ਨਾਲ ਹਾਰ ਗਈ। ਪੂਜਾ ਡਾਂਡੂ ਅਤੇ ਸੰਜਨਾ ਸੰਤੋਸ਼ ਦੀ ਜੋੜੀ ਸ੍ਰੀਲੰਕਾ ਦੀ ਤਿਲਿਨ ਪ੍ਰਮੋਦਿਕਾ ਹੈਂਡਾਹੇਵਾ ਅਤੇ ਕਾਵਿਦੀ ਸਿਰੀਮਾਂਗੇ ਤੋਂ 21-13, 12-21, 21-12 ਨਾਲ ਹਾਰ ਕੇ ਬਾਹਰ ਹੋ ਗਈ। ਅਪਰਨਾ ਬਾਲਨ ਅਤੇ ਸ਼ਰੁਤੀ ਦੀ ਜੋੜੀ ਨੂੰ ਸਿਰਫ਼ 25 ਮਿੰਟ ਵਿੱਚ ਸਿੰਗਾਪੁਰ ਦੀ ਜੋੜੀ ਤੋਂ ਸ਼ਿਕਸਤ ਝੱਲਣੀ ਪਈ। -ਪੀਟੀਆਈ

Previous articleਯਾਸੀਨ ਮਲਿਕ ਦੀ ਹਿਰਾਸਤ ’ਚ 24 ਤਕ ਦਾ ਵਾਧਾ
Next articleਕਾਂਸੀ ਦਾ ਰੰਗ ਬਦਲਣ ਉਤਰਨਗੇ ਭਾਰਤੀ ਮੁੱਕੇਬਾਜ਼