ਨਵੀਂ ਦਿੱਲੀ (ਸਮਾਜ ਵੀਕਲੀ) : ਰਾਹੁਲ ਗਾਂਧੀ ਨੇ ਆਪਣੇ ਕਰੀਬੀ ਮਿੱਤਰ ਅਤੇ ਸਾਬਕਾ ਕਾਂਗਰਸੀ ਆਗੂ ਜਯੋਤਿਰਾਦਿੱਤਿਆ ਸਿੰਧੀਆ ’ਤੇ ਟਕੋਰ ਕਰਦਿਆਂ ਕਿਹਾ ਕਿ ਜੋ ਪਹਿਲਾਂ ਆਪਣੀ ਪੁਰਾਣੀ ਪਾਰਟੀ ਵਿੱਚ ‘ਫ਼ੈਸਲੇ ਲੈਣ ਵਾਲਿਆਂ’ ਵਿੱਚ ਸ਼ਾਮਲ ਸੀ, ਭਗਵਾਂ ਪਾਰਟੀ ਵਿੱਚ ਜਾਣ ਮਗਰੋਂ ਅੱਜ ਉਹ ਪਿਛਲੀ ਕਤਾਰ ਵਿੱਚ ‘ਤਮਾਸ਼ਬੀਨ’ ਬਣਿਆ ਬੈਠਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਨੇ ਇੰਡੀਅਨ ਯੂਥ ਕਾਂਗਰਸ ਦੀ ਦੋ ਰੋਜ਼ਾ ਕੌਮੀ ਕਾਰਜਕਾਰਨੀ ਮੀਟਿੰਗ ਦੇ ਸ਼ੁਰੂਆਤੀ ਦਿਨ ਇਹ ਟਿੱਪਣੀਆਂ ਕੀਤੀਆਂ।
ਪਾਰਟੀ ਸੂਤਰਾਂ ਮੁਤਾਬਕ, ਰਾਹੁਲ ਗਾਂਧੀ ਨੇ ਸਿੰਧੀਆ ਨੂੰ ਮੁਖਾਤਬ ਹੁੰਦਿਆਂ ਕਿਹਾ, ‘‘ਸਖ਼ਤ ਮਿਹਨਤ ਕਰੋ ਤਾਂ ਕਿ ਮੁੱਖ ਮੰਤਰੀ ਬਣ ਸਕੋ।’’ ਰਾਹੁਲ ਨੇ ਕਿਹਾ, ‘‘ਸਿੰਧੀਆ ਸਾਡੀ ਪਾਰਟੀ ਵਿੱਚ ਫ਼ੈਸਲੇ ਲੈਣ ਵਾਲਿਆਂ ਵਿੱਚ ਸ਼ਾਮਲ ਸੀ ਅਤੇ ਉਹ ਹਮੇਸ਼ਾ ਮੇਰੇ ਨਾਲ ਰਿਹਾ। ਪਰ ਉਸ ਨੇ ਪਾਰਟੀ ਛੱਡ ਦਿੱਤੀ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਿਆ। ਦੇਖੋ ਅੱਜ ਉਹ ਕਿੱਥੇ ਬੈਠਾ ਹੈ। ਉਹ ਪਿਛਲੀ ਕਤਾਰ ਵਿੱਚ ਬੈਠਾ ਹੈ।’’