ਗਮਾਡਾ ਸਮੇਤ ਹੋਰ ਅਥਾਰਿਟੀਆਂ ਨੂੰ ਕੇਸ ਦੇ ਨਿਪਟਾਰੇ ਤੱਕ ਜਾਇਦਾਦਾਂ ਕਿਸੇ ਹੋਰ ਨਾਂ ਤਬਦੀਲ ਨਾ ਕਰਨ ਦੇ ਆਦੇਸ਼
ਮੁਹਾਲੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਿੰਜਾਈ ਵਿਭਾਗ ਦੇ ਠੇਕੇਦਾਰ ਗੁਰਿੰਦਰ ਸਿੰਘ ਭਾਪਾ ਦੀਆਂ ਕਰੀਬ 34 ਜਾਇਦਾਦਾਂ ਕੁਰਕ ਕਰਨ ਦੇ ਹੁਕਮ ਦਿੱਤੇ ਹਨ। ਪੰਜਾਬ ਵਿਜੀਲੈਂਸ ਬਿਊਰੋ ਨੇ ਸਿੰਜਾਈ ਵਿਭਾਗ ਵਿੱਚ ਪਿਛਲੇ ਸਮੇਂ ਦੌਰਾਨ ਟੈਂਡਰ ਅਲਾਟ ਕਰਨ ਮੌਕੇ ਹੋਈਆਂ ਬੇਨਿਯਮੀਆਂ ਦੀ ਮੁੱਢਲੀ ਜਾਂਚ ਮਗਰੋਂ ਠੇਕੇਦਾਰ ਗੁਰਿੰਦਰ ਸਿੰਘ ਤੇ ਸੇਵਾਮੁਕਤ ਅਧਿਕਾਰੀਆਂ ਸਮੇਤ ਹੋਰਨਾਂ ਖ਼ਿਲਾਫ਼ 17 ਅਗਸਤ 2017 ਨੂੰ ਵੱਖ ਵੱਖ ਧਾਰਾਵਾਂ ਤਹਿਤ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਸੀ। ਕੇਸ ਦੀ ਸੁਣਵਾਈ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਚਲ ਰਹੀ ਹੈ।
ਅਦਾਲਤ ਵੱਲੋਂ ਠੇਕੇਦਾਰ ਗੁਰਿੰਦਰ ਸਿੰਘ ਦੀਆਂ ਜਿਹੜੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਚੰਡੀਗੜ੍ਹ ਦੇ ਸੈਕਟਰ-18ਡੀ ਸਥਿਤ ਦੋ ਕਨਾਲ ਦਾ ਮਕਾਨ, ਸੈਕਟਰ-19ਏ ਵਿੱਚ 500 ਵਰਗ ਫੁੱਟ ਦਾ ਮਕਾਨ, ਸੈਕਟਰ-19ਸੀ ਵਿੱਚ ਸ਼ੋਅਰੂਮ, ਮੁਹਾਲੀ ਦੇ ਫੇਜ਼-2 ਵਿਚਲਾ ਮਕਾਨ, ਫੇਜ਼-9 ਵਿੱਚ ਮਕਾਨ, ਸੈਕਟਰ-69 ਵਿੱਚ 500 ਗਜ਼ ਦਾ ਪਲਾਟ, ਸੈਕਟਰ-78 ਵਿੱਚ 300 ਗਜ਼ ਦਾ ਪਲਾਟ, ਸੈਕਟਰ-19ਡੀ ਵਿੱਚ ਸ਼ੋਅਰੂਮ, ਸੈਕਟਰ-80 ਵਿੱਚ 250 ਗਜ਼ ਦਾ ਪਲਾਟ, ਅਰਬਨ ਅਸਟੇਟ ਪੰਚਕੂਲਾ ਵਿੱਚ ਪੀ-331 ਨੰਬਰ ਮਕਾਨ, ਐਰੋਸਿਟੀ ਮੁਹਾਲੀ ਵਿੱਚ 500-500 ਤੋਂ ਵੱਧ ਗਜ਼ ਦੇ ਤਿੰਨ ਪਲਾਟ ਆਦਿ ਸ਼ਾਮਲ ਹਨ। ਇਨ੍ਹਾਂ ਸਾਰੀਆਂ ਜਾਇਦਾਦਾਂ ਦੀ ਮੌਜੂਦਾ ਮਾਰਕੀਟ ਅਨੁਸਾਰ ਅਰਬਾਂ ਰੁਪਏ ਦੀ ਕੀਮਤ ਦੱਸੀ ਗਈ ਹੈ। ਜਾਣਕਾਰੀ ਅਨੁਸਾਰ ਮੁਹਾਲੀ ਅਦਾਲਤ ਨੇ ਗਮਾਡਾ, ਡਿਪਟੀ ਕਮਿਸ਼ਨਰ ਪਟਿਆਲਾ, ਡਿਪਟੀ ਕਮਿਸ਼ਨਰ ਲੁਧਿਆਣਾ, ਡਿਪਟੀ ਕਮਿਸ਼ਨਰ ਪੰਚਕੂਲਾ, ਅਸਟੇਟ ਅਫ਼ਸਰ ਯੂਟੀ, ਡਿਪਟੀ ਕਮਿਸ਼ਨਰ ਨੋਇਡਾ (ਯੂਪੀ) ਆਦਿ ਅਥਾਰਟੀਆਂ ਨੂੰ ਵੱਖਰੇ ਤੌਰ ’ਤੇ ਆਦੇਸ਼ ਜਾਰੀ ਕਰ ਕੇ ਸਿੰਜਾਈ ਘੁਟਾਲੇ ਦੇ ਕੇਸ ਦਾ ਨਿਪਟਾਰਾ ਹੋਣ ਤੱਕ ਉਕਤ ਜਾਇਦਾਦਾਂ ਨਵੇਂ ਸਿਰਿਓਂ ਅੱਗੇ ਕਿਸੇ ਹੋਰ ਨਾਂ ਤਬਦੀਲ ਨਾ ਕੀਤੇ ਜਾਣ ਦੀ ਹਦਾਇਤ ਕੀਤੀ ਹੈ। ਕੇਸ ਦੀ ਅਗਲੀ ਸੁਣਵਾਈ 16 ਜੁਲਾਈ ਨੂੰ ਹੋਵੇਗੀ। ਠੇਕੇਦਾਰ ਨੇ 13 ਦਸੰਬਰ 2017 ਨੂੰ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ।