ਨਵੀਂ ਦਿੱਲੀ (ਸਮਾਜ ਵੀਕਲੀ): ਸਿੰਘੂ ਬਾਰਡਰ ਉੱਤੇ ਅੱਜ ਕਿਸਾਨ ਵਿਰੋਧੀ ਤੇ ਪੁਲੀਸ ਪੱਖੀ ਨਾਅਰੇ ਲਾਉਂਦੇ ਲੋਕਾਂ ਦੇ ਇਕ ਸਮੂਹ ਅਤੇ ਧਰਨਾਕਾਰੀ ਕਿਸਾਨਾਂ ਦਰਮਿਆਨ ਹੋਈ ਝੜਪ ਨਾਲ ਮਾਹੌਲ ਤਣਾਅਪੂਰਨ ਬਣ ਗਿਆ। ਕਿਸਾਨਾਂ ਨੇ ਦਾਅਵਾ ਕੀਤਾ ਕਿ ਦਿੱਲੀ ਵੱਲੋਂ ਕੁਝ ਲੋਕ, ਪੁਲੀਸ ਤੇ ਰੈਪਿਡ ਐਕਸ਼ਨ ਫੋਰਸ ਦੀ ਹਾਜ਼ਰੀ ਵਿੱਚ ਸਿੰਘੂ ਬਾਰਡਰ ਪਹੁੰਚੇ ਤੇ ਕਿਸਾਨਾਂ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਧਰਨੇ ਵੱਲ ਪੱਥਰ ਸੁੱਟਣ ਲੱਗੇ।
ਕਿਸਾਨਾਂ ਨੇ ਦੋਸ਼ ਲਾਇਆ ਕਿ ਉਹ ਭੱਦੀ ਭਾਸ਼ਾ ਬੋਲਦੇ ਹੋਏ ਰੋਕਾਂ ਟੱਪ ਕੇ ਧਰਨੇ ਵੱਲ ਪਹੁੰਚੇ ਤੇ ਪੁਲੀਸ ਦਾ ਟੈਂਟ ਪਾੜ ਦਿੱਤਾ। ਮਗਰੋਂ ਉਨ੍ਹਾਂ ਬੀਬੀਆਂ ਦਾ ਟੈਂਟ ਪਾੜ ਦਿੱਤਾ ਤੇ ਕਰੀਬ 20 ਮਿੰਟ ਪੱਥਰਬਾਜ਼ੀ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਪੁਲੀਸ ਤੇ ਰੈਪਿਡ ਐਕਸ਼ਨ ਫੋਰਸ ਦੇ ਸਾਹਮਣੇ ਉਹ ਪੱਥਰਬਾਜ਼ੀ ਕਰਦੇ ਰਹੇ, ਪਰ ਪੁਲੀਸ ਮੂਕ ਦਰਸ਼ਕ ਬਣੀ ਰਹੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦੋਸ਼ ਲਾਇਆ ਕਿ ਨੀਮ ਸੁਰੱਖਿਆ ਬਲਾਂ ਵੱਲੋਂ ਜ਼ਿਆਦਾਤਰ ਗੋਲੇ ਧਰਨੇ ਵਾਲੇ ਪਾਸੇ ਸੁੱਟੇ ਗਏ। ਪੁਲੀਸ ਨੇ ਇਕ ਨੌਜਵਾਨ ਕਿਸਾਨ ਨੂੰ ਧੂਹ ਕੇ ਕਥਿਤ ਬੁਰੀ ਤਰ੍ਹਾਂ ਕੁੱਟਿਆ। ਅੰਦੋਲਨਕਾਰੀ ਕਿਸਾਨਾਂ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਪਤਾ ਕੀਤਾ ਹੈ ਕਿ ਧਰਨੇ ਉਪਰ ਪੱੱਥਰ ਮਾਰਨ ਵਾਲੇ ਸਥਾਨਕ ਲੋਕ ਨਹੀਂ ਸਨ ਤੇ ਉਹ ਕਿਰਾਏ ’ਤੇ ਲਿਆਂਦੇ ਗੁੰਡੇ ਸਨ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਵਣ ਸਿੰਘ ਪੰਧੇਰ ਨੇ ਦੋਸ਼ ਲਾਇਆ ਇਹ ਲੋਕ ਭਾਜਪਾ ਤੇ ਆਰਐੱਸਐੱਸ ਵੱਲੋਂ ਭੇਜੇ ਗਏ ਸਨ। ਕਮੇਟੀ ਨੇ ਇਹ ਦੋਸ਼ ਵੀ ਲਾਇਆ ਕਿ ਅਸਮਾਨ ਤੋਂ ਹੈਲੀਕਾਪਟਰ ਰਾਹੀਂ ਵੀ ਅੱਥਰੂ ਗੈਸ ਦਾ ਗੋਲਾ ਦਾਗ਼ਿਆ ਗਿਆ। ਇਸ ਟਕਰਾਅ ਮਗਰੋਂ ਉੱਥੇ ਖੁੱਲ੍ਹੀਆਂ ਅੱਧ-ਪਚੱੱਧੀਆਂ ਦੁਕਾਨਾਂ ਵੀ ਬੰਦ ਹੋ ਗਈਆਂ। ਪੰਜਾਬ ਦੇ ਖੰਨਾ ਜ਼ਿਲ੍ਹੇ ਤੋਂ ਆਏ ਹਰਕੀਰਤ ਮਾਨ ਬੇਨੀਵਾਲ ਨੇ ਕਿਹਾ, ‘ਉਹ ਸਥਾਨਕ ਲੋਕ ਨਹੀਂ, ਬਲਕਿ ਕਿਰਾਏ ’ਤੇ ਲਿਆਂਦੇ ਗੁੰਡੇ ਸਨ। ਉਨ੍ਹਾਂ ਸਾਡੇ ’ਤੇ ਪੱਥਰ ਤੇ ਪੈਟਰੋਲ ਬੰਬ ਸੁੱਟੇ। ਉਨ੍ਹਾਂ ਸਾਡੀਆਂ ਟਰਾਲੀਆਂ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ। ਅਸੀਂ ਇਥੇ ਉਨ੍ਹਾਂ ਦਾ ਟਾਕਰਾ ਕਰਨ ਲਈ ਹੀ ਹਾਂ। ਅਸੀਂ ਇਹ ਥਾਂ ਨਹੀਂ ਛੱਡਾਂਗੇ।’