ਕੈਨੇਡਾ ਵਲ ਉਡਾਰੀ 

ਸਾਹਿਬ ਸਿੰਘ
       ਸਫ਼ੀਆ ਹਯਾਤ ਦਾ ਸਾਥ
              ਕਈ ਇਮੀਗਰੇਸ਼ਨ ਅਫ਼ਸਰ ਬਹੁਤ ਖੁਸ਼ਦਿਲ ਹੁੰਦੇ ..ਮੇਰੇ ਪਾਸਪੋਰਟ ‘ਤੇ ਮੋਹਰ ਲਗਾਉਣ ਤੋਂ ਪਹਿਲਾਂ ਪੁੱਛਿਆ ,” ਵਾਪਸ ਕਦੋਂ ਆਉਣੈ?”..ਮੇਰਾ ਜਵਾਬ ,”12 ਅਕਤੂਬਰ !”..ਫਟਾਫਟ ਮੋਹਰ ਲਾ ਕੇ ਕਹਿੰਦਾ ,” ਜਾਓ ਜਲਦੀ..12 ਤਾਂ ਆਈ ਖੜ੍ਹੀ  !”..ਦੋ ਘੰਟੇ ਪਹਿਲਾਂ ਗੇਟ ਕੋਲ ਜਾ ਕੇ ਬੰਦਾ ਕਰੇ ਕੀ!..ਸੋਚ ਹੀ ਰਿਹਾ ਸੀ ਕਿ ਸਫ਼ੀਆ ਨੇ ਪੋਲਾ ਜਿਹਾ ਆਖਿਆ ,” ਮੈਂ ਹੈਗੀ ਆਂ ਨਾ!”
        ਉਹ ਮਿਲੀ ਤਾਂ ਕੈਨੇਡਾ ਦੇ ਪਿਛਲੇ ਦੌਰੇ ਦੇ ਅੰਤਲੇ ਦਿਨਾਂ ‘ਚ ਸੀ..ਪਰ ਭਰਵੀਂ ਮੁਲਾਕਾਤ ਹੁਣ ਹੋਈ..ਉਸ ਆਖਿਆ ,” ਉਨੀਵਾਂ ਸਫ਼ਾ ਖੋਲ੍ਹੋ!”..ਖੋਲ੍ਹ ਤਾਂ ਲਿਆ , ਪਲਟਾਂ ਕਿਸ ਜਿਗਰੇ ਨਾਲ..ਸਫ਼ੀਆ ਪੋਲਾ ਜਿਹਾ ਬੋਲਦੀ ਐ:
    ਨਿਕੇ ਭਤੀਜੇ ਨੂੰ ਦਿਤੇ ਮੇਰੇ ਰੁਪਈਏ
     ਵੀਰੇ ਨੇ ਖੋਹ ਕੇ
     ਮੇਰੇ ਹੱਥ ‘ਤੇ ਰੱਖ ਦਿਤੇ,ਤੇ ਬੋਲਿਆ :
     ‘ਝੱਲੀਏ! ਤੈਨੂੰ ਤੇ ਪਤੈ,
     ਅਸੀਂ ਧੀਆਂ ਕੋਲੋਂ ਕੁੱਝ ਨਹੀਂ ਲੈਂਦੇ ‘
      ਮੈਂ ਅੰਦਰੋਂ ਬੋਲੀ!
      ‘ ਵੀਰੇ ! ਮੇਰੀਆਂ ਪੈਲ਼ੀਆਂ?’
        ਐਹ ਸ਼ਰਬਤ ਦਾ ਗਲਾਸ ਵੀ ਚੁੱਕ ਲੈ
    ‘ਕਮਲੀਏ! ਤੈਨੂੰ ਤੇ ਪਤੈ
    ਅਸੀਂ ਤੇ ਧੀਆਂ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੇ’
     ਮੇਰੇ ਅੰਦਰੋਂ ਫਿਰ ਕੋਈ ਬੋਲਿਆ :
     ‘ ਵੀਰੇ ! ਮੇਰੀਆਂ ਪੈਲ਼ੀਆਂ?’
               ਏਨੀ ਨਿਕੀ ਕਵਿਤਾ ..ਏਨੀ ਸੂਖ਼ਮ …ਪਿੰਡਾ ਨਾਜ਼ੁਕ..ਸਵਾਲ ਸਦੀਆਂ ਦੇ ਖੁਰਦਰੇਪਣ ਨੂੰ ਘਾਸੇ ਪਾਉਂਦਾ ..ਕੋਈ ਮੈਨੂੰ ਪੁੱਛੇ..ਕਵਿਤਾ ਕੀ ਹੁੰਦੀ ..ਮੇਰਾ ਜਵਾਬ ਹੋਏਗਾ..ਸਫ਼ੀਆ ਹਯਾਤ!
          ਸਫ਼ੀਆ ਨੇ ਮੇਰਾ ਮੋਢਾ ਹਲੂਣਿਆ  ,” ਤਕੜਾ ਹੋ..24 ਵਾਂ ਸਫ਼ਾ ਖੋਲ੍ਹ !”..ਸਫ਼ੀਆ ਦਾ ਹੁਕਮ ਕਿਦਾਂ ਟਾਲ਼ ਸਕਦਾ ਸੀ..ਉਹ ਬੋਲਦੀ ਹੈ:
       ਮੈਂ ਸੁੱਕੀ, ਤੇ ਵੀਰੇ ਨੂੰ
       ਚੋਪੜੀ ਰੋਟੀ ਖਾਂਦੇ ਵੇਖਦਿਆਂ
        ਅੱਬੇ ਨੂੰ ਪੁੱਛਿਆ
         ਅੱਬਾ!
         ਵਲਦੀਅਤ ਦੇ ਖਾਨੇ ਵਿਚ ਮਾਂ ਦਾ ਨਾਮ ਕਿਉਂ ਨਹੀਂ ?
         ਤੇ ਅੱਬੇ ਨੇ
         ਮੇਰੀ ਕਿਤਾਬ ਨੂੰ ਅੱਗ ਲਾ ਦਿਤੀ।
                  ਮੇਰੇ ਚੇਤਿਆਂ ‘ਚ ਇੰਗਲੈਂਡ ਦੇ ਡਰਬੀ ਸ਼ਹਿਰ ਰਹਿੰਦੀ ਜੁਗਿੰਦਰ ਬੈੰਸ ਉਭਰੀ ..ਮਾਂ ਬਾਪ ਦੀ ਜਾਇਦਾਦ ‘ਚ ਧੀਆਂ ਦੇ ਹੱਕ ਦੀ ਬਾਤ ਪਾਉਂਦੀ ਐ..ਮੈਨੂੰ ਮੇਰੇ ਰੰਗਮੰਚ ਰਾਹੀਂ ਇਸ ਮਾਮਲੇ ‘ਚ ਕੁੱਝ ਕਰਨ ਨੂੰ ਕਹਿੰਦੀ ..ਪਰ ਮੈਂ ਪਿਛਲੇ ਪੰਜ ਕੁ ਸਾਲ ਤੋਂ ਸੁਸਤ ਲੇਖਕ ਹੋ ਗਿਆ ਹਾਂ,ਛੇਤੀ ਨਾਟਕ ਗੇੜ ‘ਚ ਨਹੀਂ ਆਉਂਦਾ! ..ਸਫ਼ੀਆ ਨੇ ਬੱਤੀ ਬਾਲ਼ੀ ਹੈ..ਸ਼ਾਇਦ ਤੰਦ ਪਕੜ ‘ਚ ਆ ਜਾਵੇ..ਇਕ ਤੰਦ ਇਹ ਵੀ ਕਿ ਸਫ਼ੀਆ ਦੇ ਲਹਿੰਦੇ ਪੰਜਾਬ ‘ਚ ਜੇ ਕਿਤਾਬ ਨੂੰ ਸਾੜ ਦਿਤਾ ਗਿਆ ਤਾਂ ਮੇਰੇ ਚੜ੍ਹਦੇ ਪੰਜਾਬ ‘ਚ ਵੀ ਕਿਤਾਬ ਲਿਖਣ ਪੜ੍ਹਨ ਤੇ ਕੁੱਝ ਸੂਖਮ ਕਹਿਣ ਦੀ ਕੋਸ਼ਿਸ਼ ਕਰਨ ਵਾਲ਼ਿਆਂ ਮਗਰ ਡੰਡਾ ਉਲਰ ਰਿਹੈ..ਏਸੇ ਲਈ ਸ਼ਾਇਦ ਸਫ਼ੀਆ ਤੇ ਸਾਹਿਬ ਦੀ ਸਾਂਝ ਐ..
           ਤਾਂ ਹੀ ਤਾਂ ਸਫ਼ੀਆ ਪੁਕਾਰ ਰਹੀ ਹੈ:
       ਥਾਂ ਤੇ ਵੰਡ ਲਈ ਏ
        ਸਾਹਿਬਾਂ ਹੀਰ ਕਿੰਜ ਵੰਡੋਗੇ
         ਬੁੱਲ੍ਹਾ ਦੁੱਲਾ ਗੁਰੂ ਤੇ ਫਕੀਰ
         ਨਾਨਕ ‘ਚੋਂ ਗੁਰੂ ਤੇ ਪੀਰ ਕਿੰਜ ਵੰਡੋਗੇ
     ਰੂਹ ਵੰਡੀ ਜਾਣੀ ਜੇ ਜ਼ੁਬਾਂ ਵੰਡ ਹੋ ਗਈ
     ਤੁਸਾਂ ਵੰਡਿਆ ਪੰਜਾਬ ਮੇਰੀ ਮਾਂ ਵੰਡ ਹੋ ਗਈ!
              ਨਾ ਸਫ਼ੀਆ ਹਯਾਤ! ਨਾ ਬੀਬਾ! ਨਾ ਜ਼ੁਬਾਨ ਕੋਈ ਵੰਡ ਸਕੇਗਾ..ਨਾ ਰੂਹ..ਰੂਹਾਂ ਨੂੰ ਵੀਜ਼ਾ ਨਹੀਂ ਚਾਹੀਦੈ..ਏਸੇ ਲਈ ਤਾਂ ਸਫ਼ੀਆ ਤੇ ਸਾਹਿਬ ਦੀ ਮੁਲਾਕਾਤ ਦਿੱਲੀ ਹਵਾਈ ਅੱਡੇ ‘ਤੇ ਹੋ ਰਹੀ ਐ!..ਚੰਗਾ ਹੁਣ ਜਹਾਜ਼ੇ ਚੜ੍ਹਾਂ..ਪਰ ਤੇਰਾ 39ਵਾਂ ਸਫ਼ਾ ਮੋੜ ਲਿਆ ..ਤੂੰ ਮੁੱਲ੍ਹਾ ਨਾਲ ਵੀ ਲੜ ਲੈਨੀ ਏੰ ਸਫ਼ੀਆ:
            ਕੱਲ੍ਹ ਮੇਰੀ
            ਮੁੱਲ੍ਹਾ ਨਾਲ ਲੜਾਈ ਹੋ ਗਈ
             ਉਹ ਕਹਿੰਦਾ :
             ‘ ਮੈਂ ਬਾਗ਼ੀ ਆਂ’
             ਮੈਂ ਤੇ ਏਨਾ ਈ ਕਿਹਾ ਸੀ:
             ‘ ਵੇ ਮੁੱਲ੍ਹਾ !
              ਢਿੱਡ ਭੁੱਖਾ ਹੋਵੇ ਤਾਂ
               ਤੇਰੀ ਬਾਂਗ ਨਹੀਂ ਸੁਣਦੀ।’
                     ਤੇਰੀ ਕਲਾਤਮਕ , ਸੂਖ਼ਮ ਤੇ ਬਾਗ਼ੀ ਕਵਿਤਾ ਦੀ ਲੰਮੀ ਉਮਰ ਹੋਵੇ..ਤੇ ਮੇਰੀ ਲੰਮੀ ਉਡਾਣ ਸੁਖਦ ਹੋਵੇ!
ਸਫ਼ੀਆ ਹਯਾਤ ਦਾ ਧੰਨਵਾਦੀ
ਸਾਹਿਬ  ਸਿੰਘ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜੀਅ ਰਿਹਾ ਹੈ ਕੋਈ
Next articleਸਾਹਿਤ ਮਾਫ਼ੀਆ