ਸਿਹਤ ਵਿਭਾਗ ਦੇ ਵਤੀਰੇ ਖ਼ਿਲਾਫ਼ ਭੜਕੀਆਂ ਨਰਸਾਂ

ਪਟਿਆਲਾ (ਸਮਾਜਵੀਕਲੀ)- ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਕਰੋਨਾਵਾਇਰਸ ਪੀੜਤ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਨਰਸਿੰਗ ਸਟਾਫ ਨੇ ਹਸਪਤਾਲ ਪ੍ਰਸ਼ਾਸਨ ’ਤੇ ਉਨ੍ਹਾਂ ਦੀ ਹਿਫ਼ਾਜ਼ਤ ਲਈ ਢੁਕਵੇਂ ਇਕੁਇਪਮੈਂਟਸ ਸਮੇਤ ਹੋਰ ਲੋੜੀਂਦੀਆਂ ਸਾਵਧਾਨੀਆਂ ਦਾ ਖਿਆਲ ਨਾ ਰੱਖਣ ਦੇ ਦੋਸ਼ ਲਾਏ ਹਨ। ਇਸ ਖ਼ਿਲਾਫ਼ ਪਹਿਲਾਂ ਕੱਲ੍ਹ ਅੱਧੀ ਰਾਤ ਤੋਂ ਅਤੇ ਅੱਜ ਦਿਨ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ।

ਨਰਸਾਂ ਦਾ ਕਹਿਣਾ ਹੈ ਕਿ ਇੱਥੇ ਫੌਤ ਹੋਈ ਲੁਧਿਆਣਾ ਵਾਸੀ ਮਹਿਲਾ ਨੂੰ ਸਿੱਧਾ ਹੀ ਐਮਰਜੈਂਸੀ ’ਚ ਦਾਖ਼ਲ ਕਰਨ ਕਰਕੇ ਉਹ ਉਸ ਨੂੰ ਸਾਧਾਰਨ ਮਰੀਜ਼ ਸਮਝ ਕੇ ਵਿਚਰਦੇ ਰਹੇ। ਬਾਅਦ ਵਿਚ ਉਸ ਨੂੰ ਆਈਸੋਲੇਸ਼ਨ ਵਾਰਡ ’ਚ ਤਬਦੀਲ ਕੀਤਾ ਗਿਆ। ਰਣਦੀਪ ਕੌਰ ਵਿਰਕ ਨੇ ਦੱਸਿਆ ਕਿ ਉਸ ਨੇ ਮਹਿਲਾ ਮਰੀਜ਼ ਦੀ ਸਾਰੀ ਰਾਤ ਦੇਖਭਾਲ ਕੀਤੀ ਅਤੇ ਅਗਲੇ ਦਿਨ ਉਸ ਦੀ ਮੌਤ ਹੋ ਗਈ। ਬਾਅਦ ’ਚ ਆਈ ਉਸ ਦੀ ਰਿਪੋਰਟ ਵਿੱਚ ਉਹ ਕੋਵਿਡ-19 ਪਾਜ਼ੇਟਿਵ ਪਾਈ ਗਈ। ਇਸ ਦੇ ਬਾਵਜੂਦ ਉਸ ਪ੍ਰਤੀ ਕੋਈ ਸੰਜੀਦਗੀ ਨਾ ਵਰਤਦਿਆਂ ਅੱਜ ਫੇਰ ਉਸ ਦੀ ਰਾਤ ਦੀ ਡਿਊਟੀ ਲਾ ਦਿੱਤੀ ਗਈ ਹੈ।

ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਨਰਸਿੰਗ ਸਟਾਫ ਐਸੋਸੀਏਸ਼ਨ ਦੀ ਸੂਬਾ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਚੇਅਰਪਰਸਨ ਸੰਦੀਪ ਕੌਰ ਬਰਨਾਲਾ ਨੇ ਕਿਹਾ ਕਿ 529 ਨਰਸਾਂ ਨੂੰ ਸਾਲ ਪਹਿਲਾਂ ਰੈਗੂਲਰ ਕਰਨ ਦੇ ਬਾਵਜੂਦ ਤਨਖਾਹ ਸੱਤ ਹਜ਼ਾਰ ਦਿੱਤੀ ਜਾ ਰਹੀ ਹੈ। ਹੁਣ ਜਦੋਂ ਔਖੇ ਵੇਲੇ ਮਰੀਜ਼ਾਂ ਕੋਲ ਜਾਣ ਤੋਂ ਹਰ ਕੋਈ ਡਰਦਾ ਹੈ ਤਾਂ ਨਰਸਿੰਗ ਸਟਾਫ ਸਮੇਤ ਹੋਰ ਸਿਹਤ ਮੁਲਾਜ਼ਮ ਹੀ ਇਨ੍ਹਾਂ ਦੀ ਦੇਖਭਾਲ ਕਰ ਰਹੇ ਹਨ। ਸਟਾਫ ਨੂੰ ਮਾਸਕ ਮੁਹੱਈਆ ਕਰਵਾਉਣ ’ਚ ਵੀ ਸੰਕੋਚ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਡਾਕਟਰਾਂ ਤੇ ਮੈਡੀਕਲ ਸਟਾਫ ਦੀ ਸੇਵਾਮੁਕਤੀ 30 ਸਤੰਬਰ ਤੱਕ ਪਾ ਦਿੱਤੀ ਗਈ ਹੈ, ਜਿਸ ਕਰਕੇ ਉਨ੍ਹਾਂ ਦੀਆਂ ਡਿਊਟੀਆਂ ਹੀ ਆਈਸੋਲੇਸ਼ਨ ਵਾਰਡ ਵਿਚ ਲਾਈਆਂ ਜਾਣੀਆਂ ਚਾਹੀਦੀਆਂ ਹਨ। ਫੇਰ ਵੀ ਜੇਕਰ ਲੋੜ ਪੈਂਦੀ ਹੈ ਤਾਂ ਨਰਸਿੰਗ ਸਟਾਫ ਡਿਊਟੀ ਦੇਣ ਲਈ ਤਿਆਰ ਹੈ।

ਕੁਲਵਿੰਦਰ ਕੌਰ, ਦੀਪਾਲੀ ਤੇ ਮਨਪ੍ਰੀਤ ਕੌਰ ਚੰਦੜ ਦਾ ਕਹਿਣਾ ਹੈ ਕਿ ਪਰਸਨਲ ਪ੍ਰੋਟੈਕਸ਼ਨ ਕਿੱਟ (ਸਵੈ-ਬਚਾਅ ਵਾਲੀ ਕਿੱਟ) ਵੀ ਢੁਕਵੀਂ ਨਹੀਂ ਹੈ। ਮਨਪ੍ਰੀਤ ਕੌਰ ਮੋਗਾ ਦਾ ਕਹਿਣਾ ਸੀ ਕਿ ਮ੍ਰਿਤਕ ਮਰੀਜ਼ ਦੀ ਲਾਸ਼ ਵੀ ਕਈ ਘੰਟੇ ਇੱਥੇ ਹੀ ਪਈ ਰਹੀ ਅਤੇ ਹੁਣ ਤੱਕ ਰਾਜਿੰਦਰਾ ਹਸਪਤਾਲ, ਵਿਸ਼ੇਸ਼ ਕਰਕੇ ਇਸ ਇਲਾਕੇ ਨੂੰ ਸੈਨੇਟਾਈਜ਼ ਵੀ ਨਹੀਂ ਕੀਤਾ ਗਿਆ ਹੈ। ਉਧਰ ਹਸਪਤਾਲ ਅਧਿਕਾਰੀਆਂ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਸਭ ਕੁਝ ਨਿਰਧਾਰਤ ਨਿਯਮਾਂ ਅਧੀਨ ਕੀਤਾ ਜਾ ਰਿਹਾ ਹੈ।

Previous articleਪੰਜਾਬ ’ਚ ਕਰੋਨਾਵਾਇਰਸ ਨਾਲ ਚੌਥੀ ਮੌਤ
Next articleTHE POOR FLEE DELHI DURING THE CORONA LOCKDOWN