ਮਾਨਸਾ (ਸਮਾਜ ਵੀਕਲੀ) ( ਔਲਖ ): ਸਿਹਤ ਵਿਭਾਗ ਵਿੱਚ ਕੰਮ ਕਰਦੇ ਮਲਟੀ ਪਰਪਜ਼ ਮੇਲ ਅਤੇ ਫੀਮੇਲ ਕਰਮਚਾਰੀ ਸਰਕਾਰ ਦੁਆਰਾ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਚਲਾਏ ਹਰ ਇੱਕ ਪ੍ਰੋਗਰਾਮ ਵਿੱਚ ਵੱਧ ਚੜ੍ਹਕੇ ਕੰਮ ਕਰਦੇ ਹਨ। ਇਸ ਦੀ ਉਦਾਹਰਨ ਕੋਵਿਡ 19 ਮਹਾਂਮਾਰੀ ਦੌਰਾਨ ਸਭ ਨੇ ਅੱਖੀਂ ਡਿੱਠੀ ਹੈ ਜਦੋਂ ਦੇਸ਼ ਵਿੱਚ ਤਾਲਾਬੰਦੀ ਦੇ ਚਲਦਿਆਂ ਲੋਕ ਘਰਾਂ ਵਿੱਚ ਬੰਦ ਹੋ ਗਏ ਸਨ ਪਰ ਸਿਹਤ ਕਰਮਚਾਰੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ 24-24 ਘੰਟੇ ਆਪਣੀਆਂ ਡਿਊਟੀਆਂ ਕਰਦੇ ਰਹੇ। ਇਸ ਬਦਲੇ ਲੋਕਾਂ ਵਲੋਂ ਬਹੁਤ ਪਿਆਰ ਸਤਿਕਾਰ ਜ਼ਰੂਰ ਮਿਲਿਆ ਪਰ ਸਰਕਾਰ ਨੇ ਸਿਰਫ ਫਰੰਟਲਾਈਨ ਕਰੋਨਾ ਯੋਧੇ ਨਾਮ ਦੇ ਕੇ ਹੀ ਸਾਰਾ ਸਾਰ ਦਿੱਤਾ। ਕੀ ਸਰਕਾਰ ਨੂੰ ਨਹੀਂ ਚਾਹੀਦਾ ਸੀ ਕਿ ਇਨ੍ਹਾਂ ਕਰੋਨਾ ਯੋਧਿਆਂ ਦੀਆਂ ਮੁਸਕਲਾਂ ਵੱਲ ਥੋੜ੍ਹਾ ਧਿਆਨ ਦਿੰਦੀ।
ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵਿੱਚ ਐਨ ਐਚ ਐਮ ਅਤੇ 2211 ਅਧੀਨ ਕੰਮ ਕਰਦੀਆਂ ਮਲਟੀ ਪਰਪਜ਼ ਫੀਮੇਲ ਵਰਕਰਾਂ ਨਿਗੂਣੀ ਤਨਖਾਹ ਤੇ ਗੁਜ਼ਾਰਾ ਕਰ ਰਹੀਆਂ ਹਨ ਤੇ ਪਿਛਲੇ 12 ਸਾਲਾਂ ਤੋਂ ਰੈਗੂਲਰ ਹੋਣ ਦੀ ਆਸ ਲਾਈ ਬੈਠੀਆਂ ਹਨ। ਇਸ ਤੋਂ ਇਲਾਵਾ ਨਵਨਿਯੁਕਤ ਮਲਟੀ ਪਰਪਜ਼ ਮੇਲ ਵਰਕਰਾਂ ਤੇ ਵੀ ਤਿੰਨ ਸਾਲ ਦੇ ਪਰਖ ਅਧੀਨ ਕਾਲ ਦੀ ਕੁਹਾੜੀ ਚਲਾ ਕੇ ਨਿਗੂਣੀ ਜਿਹੀ ਬੇਸਿਕ ਤਨਖਾਹ ਦਿੱਤੀ ਜਾ ਰਹੀ ਹੈ। ਕਰੋਨਾ ਕਾਲ ਵਿੱਚ ਨਿਭਾਈਆਂ ਸੇਵਾਵਾਂ ਬਦਲੇ ਸਰਕਾਰ ਨੇ ਕੋਈ ਸਪੈਸ਼ਲ ਭੱਤਾ ਤਾਂ ਕੀ ਦੇਣਾ ਸੀ ਸਗੋਂ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਮੰਗੀਆਂ ਜਾਇਜ਼ ਮੰਗਾਂ ਬਾਰੇ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੈ ਅਤੇ ਜਦੋਂ ਸਿਹਤ ਮੁਲਾਜ਼ਮਾਂ ਨੇ ਆਪਣੀ ਗੱਲ ਸੁਣਾਉਣ ਲਈ ਬਠਿੰਡਾ ਵਿਖੇ ਖਜ਼ਾਨਾ ਮੰਤਰੀ ਦੀ ਕੋਠੀ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਮੁਲਾਜ਼ਮ ਆਗੂਆਂ ਤੇ ਝੂਠੇ ਪਰਚੇ ਦਰਜ ਕਰ ਦਿੱਤੇ ਗਏ।
ਪਰ ਸਿਹਤ ਮੁਲਾਜ਼ਮ ਵੀ ਇਸ ਤਰ੍ਹਾਂ ਡਰਨ ਵਾਲੇ ਨਹੀਂ ਹੁਣ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਨੇ 21 ਜਨਵਰੀ 2021 ਤੋਂ ਡਾਇਰੈਕਟਰ ਦਫਤਰ ਚੰਡੀਗੜ੍ਹ ਵਿਖੇ ਮੰਗਾਂ ਨਾ ਮੰਨੇ ਜਾਣ ਤੱਕ ਪੱਕੇ ਰੂਪ ਵਿੱਚ ਭੁੱਖ ਹੜਤਾਲ ਦਾ ਐਲਾਨ ਕੀਤਾ ਹੈ। ਇਸ ਸਬੰਧੀ ਮਾਨਸਾ ਵਿਖੇ ਜਾਣਕਾਰੀ ਦਿੰਦਿਆਂ ਸੰਘਰਸ਼ ਕਮੇਟੀ ਆਗੂ ਕੇਵਲ ਸਿੰਘ ਅਤੇ ਜਗਦੀਸ਼ ਸਿੰਘ ਪੱਖੋ ਨੇ ਦੱਸਿਆ ਕਿ ਭੁੱਖ ਹੜਤਾਲ ਵਿੱਚ ਸ਼ਮੂਲੀਅਤ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਮਲਟੀ ਪਰਪਜ਼ ਹੈਲਥ ਇੰਪਲਾਈਜ ਯੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਾਨਣ ਦੀਪ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਮੇਲ ਅਤੇ ਫੀਮੇਲ ਸਿਹਤ ਮੁਲਾਜ਼ਮ 21 ਜਨਵਰੀ ਨੂੰ ਇਸ ਭੁੱਖ ਹੜਤਾਲ ਦੀ ਸ਼ੁਰੂਆਤ ਮੌਕੇ ਡਾਇਰੈਕਟਰ ਦਫਤਰ ਚੰਡੀਗੜ ਪਹੁੰਚਣਗੇ ਅਤੇ ਅਗਲੇ ਦਿਨਾਂ ਵਿੱਚ ਵੀ ਮੁਲਾਜ਼ਮ ਸਾਥੀਆਂ ਵੱਲੋਂ ਯੋਜਨਾਬੰਦੀ ਅਨੁਸਾਰ ਵਾਰੀ ਸਿਰ ਆਪਣੀ ਹਾਜ਼ਰੀ ਲਗਵਾਈ ਜਾਵੇਗੀ। ਉਹਨਾਂ ਅੱਗੇ ਦੱਸਿਆ ਕਿ ਇਸੇ ਦੌਰਾਨ ਬੀਤੇ ਕੱਲ੍ਹ ਤੋਂ 1263 ਨਵਨਿਯੁਕਤ ਮਲਟੀ ਪਰਪਜ਼ ਵਰਕਰ ਮੇਲ ਪਟਿਆਲਾ ਵਿਖੇ ਵੀ ਸੰਘਰਸ਼ ਕਰ ਹਨ ਸੰਘਰਸ਼ ਕਮੇਟੀ ਉਸ ਸੰਘਰਸ਼ ਦੀ ਵੀ ਪੂਰਨ ਹਮਾਇਤ ਕਰਦੀ ਹੋਈ ਬਣਦਾ ਯੋਗਦਾਨ ਪਾ ਰਹੀ ਹੈ। ਇਸ ਮੌਕੇ ਸੰਜੀਵ ਕੁਮਾਰ ਸਕੱਤਰ, ਨਿਰਮਲ ਸਿੰਘ ਕਣਕਵਾਲੀਆ ਬਲਾਕ ਪ੍ਰਧਾਨ, ਗੁਰਚਰਨ ਕੌਰ, ਚਰਨਜੀਤ ਕੌਰ, ਕਿਰਨਜੀਤ ਕੌਰ, ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ, ਅਮਰਜੀਤ ਸਿੰਘ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ, ਹਰਕੇਸ ਸਿੰਘ ਆਦਿ ਮੁਲਾਜ਼ਮ ਆਗੂ ਹਾਜ਼ਰ ਸਨ।