ਸਿਰਫ਼ ਭਾਸ਼ਣ: ਰਸੋਈਆਂ ਉਡੀਕ ਦੀਆਂ ਨੇ ਰਾਸ਼ਨ

ਸ੍ਰੀ ਮੁਕਤਸਰ ਸਾਹਿਬ (ਸਮਾਜਵੀਕਲੀ) – ਭਾਵੇਂ ਸਰਕਾਰ ਵੱਲੋਂ ਪਿੰਡਾਂ ‘ਚ ਰਾਸ਼ਨ ਦੀ ਸਪਲਾਈ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਮੁਕਤਸਰ ਦੇ ਬਹੁਤੇ ਪਿੰਡਾਂ ‘ਚ ਰਾਸ਼ਨ ਦਾ ਕਾਲ ਪਿਆ ਹੋਇਆ ਹੈ। ਪਿੰਡ ਖੁੰਡੇ ਹਲਾਲ ‘ਚ ਬਹੁ-ਗਿਣਤੀ ਅਨੁਸੂਚਿਤ ਜਾਤੀ ਪਰਿਵਾਰਾਂ ਦੀ ਹੈ, ਜਿਨ੍ਹਾਂ ‘ਚ 400 ਘਰ ਬਹੁਤ ਲੋੜਵੰਦ ਪਰਿਵਾਰ ਹਨ ਪਰ ਪਿੰਡ ‘ਚ ਅਜੇ ਤੱਕ ਸਿਰਫ 50 ਘਰਾਂ ਨੂੰ ਹੀ ਸਰਕਾਰੀ ਰਾਸ਼ਨ ਪੁੱਜਿਆ ਹੈ। ਕੁਝ-ਇਕ ਦੀ ਸਰਪੰਚ ਵੱਲੋਂ ਨਿੱਜੀ ਤੌਰ ‘ਤੇ ਸਹਾਇਤਾ ਕੀਤੀ ਗਈ ਹੈ।

ਦੂਜੇ ਪਾਸੇ ਲੋੜਵੰਦਾਂ ਦੀ ਮਦਦ ਲਈ 50 ਘਰਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਅਤੇ 53 ਪਰਿਵਾਰਾਂ ਨੂੰ ਬੀਕੇਯੂ ਤੇ ਡੀਟੀਐਫ ਵੱਲੋਂ ਰਾਸ਼ਨ ਦਿੱਤਾ ਗਿਆ। ਸਰਪੰਚ ਹੰਸ ਰਾਜ ਨੇ ਕਿਹਾ ਕਿ 200 ਲੋੜਵੰਦ ਪਰਿਵਾਰਾਂ ਦੀ ਸੂਚੀ ਕਰੀਬ 15 ਦਿਨ ਪਹਿਲਾਂ ਪ੍ਰਸ਼ਾਸਨ ਨੂੰ ਭੇਜੀ ਗਈ ਸੀ ਜਿਸ ਵਿਚੋਂ 50 ਪਰਿਵਾਰਾਂ ਦਾ ਰਾਸ਼ਨ ਆਇਆ ਸੀ ਉਹ ਵੰਡ ਦਿੱਤਾ। ਪਿੰਡ ਚੱਕ ਗਾਧਾਂ ਸਿੰਘ ਵਾਲਾ ਵਿੱਚ ਸੌ ਦੇ ਕਰੀਬ ਲੋੜਵੰਦ ਘਰ ਹਨ। ਕਿਸੇ ਨੂੰ ਵੀ ਰਾਸ਼ਨ ਨਹੀਂ ਪੁੱਜਿਆ।

ਪਿੰਡ ਵਿੱਚ ਡੇਰਾ ਬਿਆਸ ਵੱਲੋਂ ਕਰੀਬ 37 ਘਰਾਂ ਨੂੰ ਲੰਗਰ ਦਿੱਤਾ ਜਾਂਦਾ ਹੈ। ਪਿੰਡ ਦੀ ਸਰਪੰਚ ਜਸਵਿੰਦਰ ਕੌਰ ਨੇ ਦੱਸਿਆ ਕਿ35 ਘਰਾਂ ਦੀ ਸੂਚੀ ਭੇਜੀ ਹੈ ਪਰ ਅਜੇ ਤੱਕ ਕੋਈ ਰਾਸ਼ਨ ਨਹੀਂ ਆਇਆ। ਪਿੰਡ ਸੰਗੂਧੋਨ ਦੀ ਸਰਪੰਚ ਬਾਨੋ ਬਾਈ ਨੇ ਦੱਸਿਆ ਕਿ ਪਿੰਡ ਦੇ 430 ਲੋੜਵੰਦ ਪਰਿਵਾਰਾਂ ਦੀ ਸੂਚੀ ਪ੍ਰਸ਼ਾਸਨ ਨੂੰ ਦਿੱਤੀ ਹੈ ਪਰ ਅਜੇ ਤੱਕ ਕੋਈ ਰਾਸ਼ਨ ਨਹੀਂ ਆਇਆ।

ਪਿੰਡ ਥਾਂਦੇਵਾਲਾ ਦੇ ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਬਹੁਤ ਵੱਡਾ ਹੈ। ਕਰੀਬ 400 ਲੋੜਵੰਦ ਘਰਾਂ ਦੀ ਸੂਚੀ ਪ੍ਰਸ਼ਾਸਨ ਨੂੰ ਭੇਜੀ ਹੋਈ ਹੈ ਪਰ ਅਜੇ ਤੱਕ ਕੋਈ ਰਾਸ਼ਨ ਨਹੀਂ ਪੁੱਜਾ। ਪਿੰਡ ਦੇ ਰਹਿਣ ਵਾਲੇ ਕੁਝ ਪੁਲੀਸ ਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਕੁਝ ਘਰਾਂ ਨੂੰ ਰਾਸ਼ਨ ਦਿੱਤਾ ਸੀ। ਇਹੀ ਹਾਲ ਹੋਰ ਬਹੁਤ ਸਾਰੇ ਪਿੰਡਾਂ ਦਾ ਹੈ। ਸਰਪੰਚਾਂ ਦੀ ਮੰਗ ਹੈ ਰਾਸ਼ਨ ਜਲਦੀ ਭੇਜਿਆ ਜਾਵੇ।

Previous articleCoronavirus cases get past 5000 in India, 149 deaths
Next articleਅਮਿਤਾਭ ਨੇ ਘਰ ਅੰਦਰ ਰਹਿਣ ਬਾਰੇ ਲਘੂ ਫਿਲਮ ‘ਫੈਮਿਲੀ’ ਬਣਾਈ