HOME ਸਿਡਨੀ ਤੇ ਤਾਈਪੇ ‘ਚ ਹਾਂਗਕਾਂਗ ਅੰਦੋਲਨ ਦੀ ਹਮਾਇਤ ਦੀ ਗੂੰਜ

ਸਿਡਨੀ ਤੇ ਤਾਈਪੇ ‘ਚ ਹਾਂਗਕਾਂਗ ਅੰਦੋਲਨ ਦੀ ਹਮਾਇਤ ਦੀ ਗੂੰਜ

ਸਿਡਨੀ : ਹਾਂਗਕਾਂਗ ਦੇ ਲੋਕਤੰਤਰ ਦੀ ਮੰਗ ਵਾਲੇ ਅੰਦੋਲਨ ਦੀ ਹਮਾਇਤ ‘ਚ ਐਤਵਾਰ ਨੂੰ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਤੇ ਤਾਇਵਾਨ ਦੀ ਰਾਜਧਾਨੀ ਤਾਈਪੇ ‘ਚ ਵੀ ਨਾਅਰੇ ਗੂੰਜੇ। ਹਜ਼ਾਰਾਂ ਲੋਕਾਂ ਨੇ ਸੜਕਾਂ ‘ਤੇ ਆ ਕੇ ਐਡ ਆਇਲ… ਦਾ ਨਾਅਰਾ ਲਾਇਆ। ਇਹ ਨਾਅਰਾ ਹਾਂਗਕਾਂਗ ਦੇ ਅੰਦੋਲਨ ‘ਚ ਹੌਸਲਾ ਵਧਾਉਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦੋਵਾਂ ਸ਼ਹਿਰਾਂ ‘ਚ ਤਮਾਮ ਲੋਕਾਂ ਨੇ ਹਾਂਗਕਾਂਗ ਦੇ ਅੰਦੋਲਨਕਾਰੀਆਂ ਵਾਂਗ ਕਾਲੇ ਕੱਪੜੇ ਪਹਿਨ ਕੇ ਅਤੇ ਮਾਸਕ ਲਗਾ ਕੇ ਸਮਰਥਨ ਪ੍ਰਗਟਾਇਆ।

ਹਾਂਗਕਾਂਗ ‘ਚ ਲੋਕਤੰਤਰ ਲਈ ਤਾਜ਼ਾ ਅੰਦੋਲਨ ਸ਼ੁਰੂ ਹੋਏ ਤਿੰਨ ਮਹੀਨੇ ਗੁਜ਼ਰ ਚੁੱਕੇ ਹਨ। ਸਰਕਾਰ ਲੱਖਾਂ ਯਤਨਾਂ ਦੇ ਬਾਵਜੂਦ ਅੰਦੋਲਨ ਦੀ ਅੱਗ ਨੂੰ ਠੰਢਾ ਨਹੀਂ ਕਰ ਸਕੀ ਹੈ। ਸਮਾਜ ਦਾ ਹਰ ਵਰਗ ਇਸ ਅੰਦੋਲਨ ਨਾਲ ਜੁੜਿਆ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਮੌਕਾ ਮਿਲਣ ‘ਤੇ ਅੰਦੋਲਨ ‘ਚ ਸ਼ਿਰਕਤ ਕਰ ਚੁੱਕੇ ਹਨ। ਅੰਦੋਲਨ ਦੀ ਕਮਾਨ ਨੌਜਵਾਨਾਂ ਦੇ ਹੱਥਾਂ ‘ਚ ਹੈ ਤੇ ਉਹ ਹੀ ਆਪਸ ‘ਚ ਤਾਲਮੇਲ ਬਣਾ ਕੇ ਪ੍ਰਦਰਸ਼ਨ ਪ੍ਰੋਗਰਾਮਾਂ ਨੂੰ ਅੰਜਾਮ ਦੇ ਰਹੇ ਹਨ। ਸਿਡਨੀ ‘ਚ ਐਤਵਾਰ ਨੂੰ ਇਕ ਹਜ਼ਾਰ ਤੋਂ ਵੱਧ ਲੋਕਾਂ ਨੇ ਹਾਂਗਕਾਂਗ ਦੀ ਹਮਾਇਤ ‘ਚ ਨਾਅਰੇ ਲਗਾਉਂਦੇ ਹੋਏ ਮਾਰਚ ਕੀਤਾ। ਇਹ ਲੋਕ ਹਾਂਗਕਾਂਗ ਬਚਾਓ… ਅਤੇ ਅੱਤਿਆਚਾਰ ਬੰਦ ਕਰੋ… ਦੇ ਨਾਅਰੇ ਲਗਾ ਰਹੇ ਸਨ। ਇਨ੍ਹਾਂ ‘ਚੋਂ ਸੈਕੜੇ ਲੋਕਾਂ ਨੇ ਹਾਂਗਕਾਂਗ ਦੇ ਅੰਦੋਲਨਕਾਰੀਆਂ ਦੀ ਪੋਸ਼ਾਕ ਕਾਲੇ ਕੱਪੜੇ ਪਹਿਨੇ ਹੋਏ ਸਨ, ਤਾਂ ਤਮਾਮ ਲੋਕਾਂ ਨੇ ਪੀਲੇ ਰੰਗ ਦੀਆਂ ਛਤਰੀਆਂ ਫੜੀਆਂ ਹੋਈਆਂ ਹਨ। ਆਸਟ੍ਰੇਲੀਆ ਦੇ ਕਈ ਸ਼ਹਿਰਾਂ ‘ਚ ਹਾਂਗਕਾਂਗ ਦੇ ਅੰਦੋਲਨ ਦੀ ਹਮਾਇਤ ‘ਚ ਲੋਕਾਂ ਨੇ ਸਭਾਵਾਂ ਕੀਤੀਆਂ ਤੇ ਮਾਰਚ ਕੀਤਾ। ਸਿਡਨੀ ‘ਚ ਪੜ੍ਹਾਈ ਕਰ ਰਹੇ ਹਾਂਗਕਾਂਗ ਦੇ ਬਿਲ ਲੈਮ (25) ਨੇ ਕਿਹਾ ਕਿ ਪੁਲਿਸ ਨੂੰ ਘੱਟੋ ਘੱਟ ਮਨੁੱਖੀ ਅਧਿਕਾਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਪਰ ਉਹ ਨਹੀਂ ਰੱਖਦੀ ਤੇ ਅੰਦੋਲਨਕਾਰੀਆਂ ਦਾ ਬੁਰੀ ਤਰ੍ਹਾਂ ਸ਼ੋਸ਼ਣ ਕਰਦੀ ਹੈ। ਲੈਮ ਨੇ ਹਾਂਗਕਾਂਗ ਦੇ ਅੰਦੋਲਨ ‘ਚ ਹਿੱਸਾ ਲਿਆ ਹੈ, ਹੁਣ ਉਹ ਆਸਟ੍ਰੇਲੀਆ ‘ਚ ਅੰਦੋਲਨ ਲਈ ਹਮਾਇਤ ਜੁਟਾ ਰਹੇ ਹਨ।

ਤਾਈਪੇ ‘ਚ ਵੀ ਹਜ਼ਾਰਾਂ ਲੋਕਾਂ ਨੇ ਸੰਸਦ ਦੇ ਨਜ਼ਦੀਕ ਹੋ ਕੇ ਹਾਂਗਕਾਂਗ ਦੇ ਅੰਦੋਲਨ ਪ੍ਰਤੀ ਆਪਣੀ ਹਮਾਇਤ ਪ੍ਰਗਟਾਈ। ਇਨ੍ਹਾਂ ‘ਚੋਂ ਤਮਾਮ ਲੋਕਾਂ ਨੇ ਕਾਲੇ ਕੱਪੜੇ ਪਾਏ ਹੋਏ ਸਨ। 40 ਸਾਲ ਤੋਂ ਵੱਧ ਉਮਰ ਦੇ ਪਾਨ ਹਾਊ ਸੁਨ ਨੇ ਕਿਹਾ, ਤਾਇਵਾਨ ਤੇ ਹਾਂਗਕਾਂਗ ਦੀ ਕੁਝ ਮਾਮਲਿਆਂ ‘ਚ ਹਾਲਤ ਇੱਕੋ ਜਿਹੀ ਹੈ। ਦੋਵੇਂ ਹੀ ਇਲਾਕੇ ਚੀਨ ਦੀ ਤਾਨਾਸ਼ਾਹੀ ਦੇ ਸ਼ਿਕਾਰ ਹਨ। ਚੀਨ ਉਨ੍ਹਾਂ ਨੂੰ ਸੁਤੰਤਰ ਤੇ ਖ਼ੁਸ਼ ਹੁੰਦੇ ਨਹੀਂ ਵੇਖਣਾ ਚਾਹੁੰਦਾ। ਇਸ ਲਈ ਉਨ੍ਹਾਂ ਦੇ ਸ਼ੋਸ਼ਣ ਦੇ ਨਵੇਂ ਨਵੇਂ ਤਰੀਕੇ ਲੱਭਦਾ ਹੈ। ਇਸ ਲਈ ਅਸੀਂ ਹਾਂਗਕਾਂਗ ਦੇ ਲੋਕਾਂ ਨਾਲ ਖੜ੍ਹੇ ਹਾਂ।

Previous articleਸਰਹੱਦ ‘ਤੇ ਨਾਲ਼ੇ ‘ਚ ਹੜ੍ਹ, ਰੁੜ੍ਹ ਗਿਆ ਬੀਐੱਸਐੱਫ ਅਧਿਕਾਰੀ
Next articleਅਫ਼ਗਾਨ ਰਾਸ਼ਟਰਪਤੀ ਚੋਣਾਂ ‘ਚ ਸਿਰਫ਼ 20 ਫ਼ੀਸਦੀ ਮਤਦਾਨ