ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਹਾਲਾਤ ਦੇ ਟਾਕਰੇ ਤੇ ਸੰਕਟ ਨਿਵਾਰਨ ਲਈ ਸੋਸ਼ਲ ਮੀਡੀਆ ’ਤੇ ਮੁਹਿੰਮ ਭਖਾਉਣ ਲਈ ਪੇਸ਼ੇਵਰਾਂ ਦੀ ਵੱਡੀ ਟੀਮ ਖੜ੍ਹੀ ਕਰ ਦਿੱਤੀ ਹੈ। ਇਸ ਟੀਮ ਨੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਰਾਮ, ਯੂ ਟਿਊਬ ਅਤੇ ਹੋਰਨਾਂ ਪਲੇਟਫਾਰਮਾਂ ’ਤੇ ਕਾਂਗਰਸ ਖ਼ਿਲਾਫ਼ ਪ੍ਰਚਾਰ ਵਿਚ ਤੇਜ਼ੀ ਲਿਆ ਦਿੱਤੀ ਹੈ। ਸੂਤਰਾਂ ਦਾ ਦੱਸਣਾ ਹੈ ਕਿ ਅਕਾਲੀ ਦਲ ਦੇ ਆਈਟੀ ਵਿੰਗ ਦਾ ਮੁਹਾਲੀ ਵਿੱਚ ਖ਼ੁਫੀਆ ਦਫ਼ਤਰ ਕਾਇਮ ਕੀਤਾ ਗਿਆ ਹੈ। ਆਈਟੀ ਵਿੰਗ ਦੀ ਨਿਗਰਾਨੀ ਕਰਨ ਵਾਲੇ ਅਕਾਲੀ ਆਗੂ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਮੁਹਿੰਮ ਭਖਾਉਣ ਲਈ ਇਸ ਵਾਰੀ ਪਾਰਟੀ ਦੇ ਵਰਕਰਾਂ ਦੀਆਂ ਵੀ ਸੇਵਾਵਾਂ ਲਈਆਂ ਗਈਆਂ ਹਨ ਤੇ ਹਰ ਜ਼ਿਲ੍ਹਾ ਪੱਧਰ ’ਤੇ ਸੋਸ਼ਲ ਮੀਡੀਆ ਨਾਲ ਜੁੜੇ ਵਰਕਰਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ। ਸੰਸਦੀ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਫੇਸਬੁੱਕ, ਟਵਿੱਟਰ ਅਤੇ ਇੰਸਟਾਗਰਾਮ ਆਦਿ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਆ ਗਏ ਹਨ ਇਸ ਲਈ ਪ੍ਰਚਾਰ ਦੀ ਗੱਡੀ ਨੂੰ ਸੋਚ ਸਮਝ ਕੇ ਤੇ ਨਿਰਖ ਪਰਖ ਕੇ ਹੀ ਤੋਰਿਆ ਜਾ ਰਿਹਾ ਹੈ। ਅਕਾਲੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਕੈਪਟਨ ਸਰਕਾਰ ’ਤੇ ਨਿਸ਼ਾਨਾ ਰੱਖਿਆ ਜਾ ਰਿਹਾ ਹੈ। ਮੁਹਾਲੀ ਵਿਚਲੇ ਦਫ਼ਤਰ ਬਾਰੇ ਪਾਰਟੀ ਦੇ ਆਗੂਆਂ ਨੂੰ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਇਸ ਮਾਮਲੇ ਵਿਚ ਅਕਾਲੀ ਦਲ ਵੱਲੋਂ ਪੱਤਰਕਾਰਾਂ, ਲੋਕ ਬੋਲੀਆਂ ਤੇ ਗੀਤ ਲਿਖਣ ਵਾਲਿਆਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ ਜਿਸ ਕਾਰਨ ਪੰਜਾਬ ਦੀ ਸਿਆਸੀ ਧਰਾਤਲ ’ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਸ ਪ੍ਰਚਾਰ ਵਿਚ ਫਿਲਹਾਲ ਪੱਛੜੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਪਿਛਲੇ ਦਿਨਾਂ ਦੌਰਾਨ ਵੱਡੀ ਇਮਾਰਤ ਦੀ ਛੱਤ ’ਤੇ ਖੜ੍ਹੀਆਂ ਔਰਤਾਂ ਵੱਲੋਂ ਕੈਪਟਨ ਸਰਕਾਰ ਖਿਲਾਫ ਗਿੱਧਾ ਪਾ ਕੇ ਜਿਸ ਤਰ੍ਹਾਂ ਭੰਡੀ ਪ੍ਰਚਾਰ ਕੀਤਾ ਗਿਆ ਉਸ ਨੂੰ ਅਕਾਲੀ ਦਲ ਵੱਲੋਂ ਹੀ ਤਿਆਰ ਕਰਾਇਆ ਗਿਆ ਸੀ। ਇਸ ਦੀ ਪੁਸ਼ਟੀ ਆਈਟੀ ਵਿੰਗ ਨਾਲ ਸਬੰਧਤ ਆਗੂ ਨੇ ਵੀ ਕੀਤੀ। ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਕੈਪਟਨ ਸਰਕਾਰ ਖਿਲਾਫ਼ ਭੰਡੀ ਪ੍ਰਚਾਰ ਦਾ ਮੁੱਖ ਮਕਸਦ ਇਹੀ ਹੈ ਕਿ ਸਭ ਤੋਂ ਪਹਿਲਾਂ ਸਰਕਾਰ ਦਾ ਅਕਸ ਲੋਕਾਂ ਵਿੱਚ ਖ਼ਰਾਬ ਕੀਤਾ ਜਾਵੇ ਜਿਨ੍ਹਾਂ ਚੋਣ ਵਾਅਦਿਆਂ ਨਾਲ ਕੈਪਟਨ ਅਮਰਿੰਦਰ ਸਿੰਘ ਸੱਤਾ ਵਿੱਚ ਆਏ ਸਨ ਉਨ੍ਹਾਂ ਨੂੰ ਸਹਾਰਾ ਬਣਾ ਕੇ ਹੀ ਭੰਡਿਆ ਜਾਵੇ। ਅਕਾਲੀ ਦਲ ਦੇ ਆਈਟੀ ਵਿੰਗ ਵੱਲੋਂ ਫੇਸਬੁੱਕ ’ਤੇ ਵਿਸ਼ੇਸ਼ ਪੇਜ ਅਤੇ ਗਰੁੱਪ ਬਣਾਏ ਗਏ ਹਨ। ਫੇਸਬੁੱਕ ’ਤੇ ਪ੍ਰਚਾਰ ਦੌਰਾਨ ਦੇਖਿਆ ਗਿਆ ਹੈ ਕਿ ਅਕਾਲੀ ਦਲ ਪੱਖੀ ਵਿਅਕਤੀਆਂ ਵੱਲੋਂ ਕਾਂਗਰਸ ਸਰਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ’ਤੇ ਖਾਸ ਨਿਸ਼ਾਨਾ ਸੇਧਿਆ ਜਾਂਦਾ ਹੈ। ਅਕਾਲੀਆਂ ਵੱਲੋਂ ਇਹ ਮੰਨਿਆ ਜਾਂਦਾ ਹੈ ਕਿ ਸਾਲ 2014 ਦੀਆਂ ਸੰਸਦੀ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਗੱਠਜੋੜ ਸਰਕਾਰ ਖਿਲਾਫ਼ ਸੋਸ਼ਲ ਮੀਡੀਆ ਰਾਹੀਂ ਵਿਆਪਕ ਮੁਹਿੰਮ ਚਲਾਈ ਸੀ ਜਿਸ ਦਾ ਦਰਦ ਹੁਣ ਤੱਕ ਵੀ ਮਹਿਸੂਸ ਕੀਤਾ ਜਾ ਰਿਹਾ ਹੈ।
INDIA ਸਿਆਸੀ ਸੰਕਟ ’ਚੋਂ ਨਿਕਲਣ ਲਈ ਅਕਾਲੀਆਂ ਨੇ ਸੋਸ਼ਲ ਮੀਡੀਆ ’ਤੇ ਰੱਖੀ ਟੇਕ