ਉੱਤਰ-ਪੂਰਬ ਰਾਜਾਂ ਦਾ ‘ਵਿਸ਼ੇਸ਼ ਰੁਤਬਾ’ ਬਹਾਲ ਕਰਾਂਗੇ: ਰਾਹੁਲ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਕੇਂਦਰ ਵਿੱਚ ਸਰਕਾਰ ਬਣਾਉਂਦੀ ਹੈ ਤਾਂ ਉਹ ਉੱਤਰ-ਪੂਰਬ ਦੇ ਸਾਰੇ ਰਾਜਾਂ ਨੂੰ ਮਿਲੇ ਵਿਸ਼ੇਸ਼ ਰੁਤਬੇ ਨੂੰ ਬਹਾਲ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨਾਗਰਿਕਤਾ (ਸੋਧ) ਬਿਲ ਨੂੰ ਸੰਸਦ ਵਿੱਚ ਪਾਸ ਨਹੀਂ ਹੋਣ ਦੇਵੇਗੀ ਕਿਉਂਕਿ ਇਸ ਨਾਲ ਖਿੱਤੇ ਦੇ ਲੋਕਾਂ ਨੂੰ ਨੁਕਸਾਨ ਹੋਵੇਗਾ। ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਭਾਜਪਾ ਉੱਤਰ-ਪੂਰਬ ਦੇ ਲੋਕਾਂ ’ਤੇ ‘ਆਰਐਸਐਸ ਦੀ ਵਿਚਾਰਧਾਰਾ’ ਥੋਪ ਕੇ ਸਥਾਨਕ ਲੋਕਾਂ ਦੀ ਸਮਾਜਿਕ ਤੇ ਸਭਿਆਚਾਰਕ ਸੁਭਾਅ ਨੂੰ ਤਬਾਹ ਕਰਨ ਦੇ ਰਾਹ ਪਈ ਹੋਈ ਹੈ। ਸ੍ਰੀ ਗਾਂਧੀ ਅਰੁਣਾਚਲ ਪ੍ਰਦੇਸ਼ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਪਹਿਲੇ ਪੜਾਅ ਤਹਿਤ 11 ਅਪਰੈਲ ਨੂੰ ਲੋਕ ਸਭਾ ਦੀਆਂ ਦੋ ਸੀਟਾਂ ਦੇ ਨਾਲ ਹੀ 60 ਮੈਂਬਰੀ ਅਰੁਣਾਚਲ ਅਸੈਂਬਲੀ ਲਈ ਵੋਟਿੰਗ ਹੋਣੀ ਹੈ। ਸਥਾਨਕ ਇੰਦਰਾ ਪਾਰਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ, ‘ਇਸ ਖਿੱਤੇ ਦੇ ਲੋਕ ਕਾਂਗਰਸ ਪਾਰਟੀ ਦੇ ਦਿਲ ਦੇ ਕਰੀਬ ਹਨ। ਕਾਂਗਰਸ ਨੇ ਹਮੇਸ਼ਾ ਖਿੱਤੇ ਦੇ ਵਿਕਾਸ ਲਈ ਕੰਮ ਕੀਤਾ ਹੈ। ਜੇਕਰ ਮੇਰੀ ਪਾਰਟੀ, ਸੱਤਾ ਵਿੱਚ ਆਉਂਦੀ ਹੈ ਤਾਂ ਅਸੀਂ ਅਰੁਣਾਚਲ ਪ੍ਰਦੇਸ਼ ਤੇ ਉੱਤਰ-ਪੂਰਬ ਦੇ ਹੋਰਨਾਂ ਰਾਜਾਂ ਨੂੰ ਮਿਲੇ ਵਿਸ਼ੇਸ਼ ਸ਼੍ਰੇਣੀ ਦੇ ਰੁਤਬੇ ਨੂੰ ਬਹਾਲ ਕਰਾਵਾਂਗੇ।’ ਉਨ੍ਹਾਂ ਕਿਹਾ ਕਿ ਕੁਝ ਰਾਜ ਹਨ, ਜਿਨ੍ਹਾਂ ਦੀਆਂ ‘ਨਿਵੇਕਲੀਆਂ ਮੁਸ਼ਕਲਾਂ ਤੇ ਸਮੱਸਿਆਵਾਂ’ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਰੁਤਬੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਕਾਂਗਰਸ ਮੁਕਤ ਭਾਰਤ’ ਦੇ ਨਾਅਰੇ ਤੋਂ ਮੁੱਖ ਵਿਰੋਧੀ ਪਾਰਟੀ ਖ਼ਿਲਾਫ਼ ‘ਨਫ਼ਰਤ’ ਦੀ ਝਲਕ ਮਿਲਦੀ ਹੈ।

Previous articleਸਿਆਸੀ ਸੰਕਟ ’ਚੋਂ ਨਿਕਲਣ ਲਈ ਅਕਾਲੀਆਂ ਨੇ ਸੋਸ਼ਲ ਮੀਡੀਆ ’ਤੇ ਰੱਖੀ ਟੇਕ
Next articleਕੈਪਸੂਲਾਂ ਵਾਲੇ ਰੰਗ ਹੋਲੀ ਦੇ ਤਿਉਹਾਰ ਨੂੰ ਕਰ ਸਕਦੇ ਨੇ ‘ਫਿੱਕਾ’