(ਸਮਾਜ ਵੀਕਲੀ)
ਤੂੰ ਵੀ ਲੰਬੜਦਾਰ ਗਲ਼ੀ ਦਾ,
ਮੈਂ ਵੀ ਲੰਬੜਦਾਰ।
ਤੂੰ ਸਾਬਕਾ, ਮੈਂ ਮੌਜੂਦਾ,
ਬਣਦੇ ਵਾਰੋ ਵਾਰ।
ਚੱਕਰਾਂ ਦੇ ਵਿੱਚ ਪਾ ਕੇ ਅੱਜ ਤੱਕ,
ਖੂਬ ਲੁੱਟੇ ‘ਤੇ ਕੁੱਟੇ,
ਪਰ ਹੁਣ ਲਗਦਾ ਅਕਲ ਜਿਹੀ ਆ ਗਈ,
ਲੱਗ ਪਏ ਕਰਨ ਵਿਚਾਰ।
ਲਾ ਕੇ ਕੋਈ ਸਕੀਮ ਨੂੰ ਜਲਦੀ,
ਆਪਸ ਵਿੱਚ ਉਲ਼ਝਾਈਏ,
ਏਦੂੰ ਪਹਿਲਾਂ ਕਰਨ ਉਜਾਗਰ,
ਆਪਣਾ ਭ੍ਰਿਸ਼ਟਾਚਾਰ।
ਚੱਲ ਏਦਾਂ ਕਰ ਪਾਲ਼ ਲੈਨੇ ਆਂ,
ਵਧੀਆ ਨਸਲ ਦੇ ਕੁੱਤੇ,
ਤੇਰੇ ਵਾਲਾ ਮਿਆਂਕੇ ਸੋਹਣਾ,
ਮੇਰਾ ਹੋਊ ਖੂੰਖਾਰ।
ਵੇਖ ਟਪੂਸੀਆਂ-ਛਾਲ਼ਾਂ, ਮਸਤੀ,
ਬਅਊ-ਬਅਊ-ਬਅਊ-ਬਅਊ-ਬਅਊ-ਬਅਊ….,
ਤੇਰੇ ਵਾਲੇ ਤੇ ਵਰਚੇ ਰਹਿਣੇ,
ਸਾਊ, ਇੱਜ਼ਤਦਾਰ।
ਬਾਕੀ ਜਿਹੜੇ ਕੌੜ, ਗਰਮ ਜਾਂ,
ਤੱਤੇ ਬੋਲਣ ਵਾਲੇ,
ਕਰਤੱਬ ਰਹੂ ਵਿਖਾਉਂਦਾ ਆਪੇ,
ਮੇਰੇ ਵਾਲਾ ਖੂੰਖਾਰ।
ਕੁਝ ਆਖਣਗੇ ਡੱਬੂ ਵਧੀਆ,
ਬਾਕੀਆਂ ਕਹਿਣਾ ‘ਸ਼ੇਰੂ’,
ਆਹੀ ਗੱਲ ਤੇ ਲੜ ਪੈਵਣਗੇ,
ਆਪਸ ਦੇ ਵਿਚਕਾਰ।
ਸਿਖਿਆ, ਸਿਹਤ ‘ਘੜਾਮੇਂ’ ‘ਰੋਮੀ’,
ਲੋਕਾਂ ਨੇ ਨਹੀਂ ਤੱਕਣੀ,
ਇੱਕ ਦੂਜੇ ਦੇ ਸਿਰ ਪਾੜਣਗੇ,
ਡਾਂਗਾਂ-ਸੋਟੇ ਮਾਰ।
ਬੱਸ ਇਕ ਦੂਜੇ ਦੇ ਸਿਰ ਪਾੜਣਗੇ,
ਡਾਂਗਾਂ-ਸੋਟੇ ਮਾਰ।
ਰੋਮੀ ਘੜਾਮੇਂ ਵਾਲ਼ਾ
98552-81105
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly