ਲੰਮੀ ਉਡੀਕ ਮਗਰੋਂ ਗਾਂਧੀ ਪਰਿਵਾਰ ਦੀ ਧੀ ਪ੍ਰਿਯੰਕਾ ਗਾਂਧੀ ਵਾਡਰਾ ਅੱਜ ਰਸਮੀ ਤੌਰ ’ਤੇ ਸਿਆਸਤ ਦੇ ਪਿੜ ’ਚ ਕੁੱਦ ਪਈ। ਕਾਂਗਰਸ ਪਾਰਟੀ ਨੇ ਪ੍ਰਿਯੰਕਾ ਨੂੰ ਜਨਰਲ ਸਕੱਤਰ ਥਾਪਦਿਆਂ ਪੂਰਬੀ ਯੂਪੀ ਦੀ ਕਮਾਨ ਸੌਂਪ ਦਿੱਤੀ ਹੈ। ਪ੍ਰਿਯੰਕਾ (47) ਸਿਆਸੀ ਤੌਰ ’ਤੇ ਅਹਿਮ ਰਾਜ, ਜੋ 1980ਵਿਆਂ ਦੇ ਮੱਧ ਤਕ ਕਦੇ ਕਾਂਗਰਸ ਦਾ ਗੜ੍ਹ ਰਿਹਾ ਸੀ, ਵਿੱਚ ਆਪਣੀ ਇਸ ਨਵੀਂ ਜ਼ਿੰਮੇਵਾਰੀ ਨੂੰ ਫਰਵਰੀ ਦੇ ਪਹਿਲੇ ਹਫ਼ਤੇ ਸੰਭਾਲ ਲਏਗੀ। ਕਾਂਗਰਸ ਪਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ ਪ੍ਰਿਯੰਕਾ ਹਿੰਦੀ ਬਹੁਭਾਸ਼ੀ ਵਾਲੇ ਇਸ ਰਾਜ ਵਿੱਚ ਆਪਣੇ ਭਰਾ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਹੱਥ ਵਟਾਏਗੀ। ਦੇਸ਼ ਦੇ ਸਭ ਤੋਂ ਵੱਡੇ ਰਾਜ ਯੂਪੀ ਵਿੱਚ ਲੋਕ ਸਭਾ ਦੀਆਂ 80 ਸੀਟਾਂ ਹਨ। ਇਸ ਦੌਰਾਨ ਸੀਨੀਅਰ ਪਾਰਟੀ ਆਗੂ ਜਿਓਤਿਰਦਿੱਤਿਆ ਸਿੰਧੀਆ ਨੂੰ ਉੱਤਰ ਪ੍ਰਦੇਸ਼ ਪੱਛਮੀ ਲਈ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪ੍ਰਿਯੰਕਾ ਤੇ ਸਿੰਧੀਆ, ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਹਰਿਆਣਾ ਪ੍ਰਦੇਸ਼ ਦਾ ਕਾਰਜ ਭਾਰ ਸੌਂਪਿਆ ਗਿਆ ਹੈ, ਜਿੱਥੇ ਪਾਰਟੀ ਦੋ ਧਿਰਾਂ ’ਚ ਵੰਡੀ ਹੋਈ ਹੈ।
ਪ੍ਰਿਯੰਕਾ ਦੀ ਨਿਯੁਕਤੀ ਨੂੰ ਕਾਂਗਰਸੀ ਸਫ਼ਾਂ ਵਿੱਚ ਤੁਰਪ ਦਾ ਇੱਕਾ ਮੰਨਿਆ ਜਾ ਰਿਹਾ ਹੈ, ਜਿਸ ਨਾਲ ਰਾਜ ਵਿਚਲੇ ਪਾਰਟੀ ਵਰਕਰਾਂ ’ਚ ਨਵਾਂ ਜੋਸ਼ ਤੇ ਊਰਜਾ ਭਰੇਗੀ। ਯੂਪੀ ਦੀਆਂ ਦੋ ਅਹਿਮ ਪਾਰਟੀਆਂ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੇ ਚੋਣ ਗੱਠਜੋੜ ’ਚੋਂ ਕਾਂਗਰਸ ਨੂੰ ਲਾਂਭੇ ਰੱਖਣ ਦੇ ਫੈਸਲੇ ਮਗਰੋਂ ਪ੍ਰਿਯੰਕਾ ਦੀ ਇਸ ਨਵੀਂ ਨਿਯੁਕਤੀ ਨਾਲ ਕਾਂਗਰਸ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਯੂਪੀ ਵਿੱਚ ਆਪਣੇ ਦਮ ’ਤੇ ਚੋਣਾਂ ਲੜਨ ਦੇ ਪੂਰੀ ਤਰ੍ਹਾਂ ਸਮਰੱਥ ਹੈ।
ਇਥੇ ਆਪਣੇ ਸੰਸਦੀ ਹਲਕੇ ਅਮੇਠੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਇਸ ਫੈਸਲੇ ਨਾਲ ਉੱਤਰ ਪ੍ਰਦੇਸ਼ ਵਿਚ ਇਕ ਨਵੀਂ ਸੋਚ ਨੂੰ ਵਿਕਸਤ ਕਰਨ ਵਿੱਚ ਮਦਦ ਮਿਲੇਗੀ ਤੇ ਯੂਪੀ ਦੀ ਸਿਆਸਤ ਵਿੱਚ ਸਕਾਰਾਤਮਕ ਬਦਲਾਅ ਆਏਗਾ।’ ਰਾਹੁਲ ਨੇ ਕਿਹਾ ਕਿ ਸਪਾ ਤੇ ਬਸਪਾ ਨੇ ਭਾਜਪਾ ਨੂੰ ਹਰਾਉਣ ਲਈ ਗੱਠਜੋੜ ਕਾਇਮ ਕੀਤਾ ਹੈ ਤੇ ਉਹ ਉਨ੍ਹਾਂ ਨਾਲ ਹਰ ਸਹਿਯੋਗ ਲਈ ਤਿਆਰ ਹਨ। ਉਨ੍ਹਾਂ ਕਿਹਾ, ‘ਜਿੱਥੇ ਕਿਤੇ ਵੀ ਅਸੀਂ ਭਾਜਪਾ ਨੂੰ ਹਰਾਉਣ ਲਈ ਮਿਲ ਕੇ ਕੰਮ ਕਰ ਸਕਦੇ ਹਾਂ, ਕਰਾਂਗੇ… ਪਰ ਸਾਡਾ ਕੰਮ ਕਾਂਗਰਸ ਲਈ ਥਾਂ ਬਣਾਉਣਾ ਵੀ ਹੈ ਤੇ ਇਸ ਲਈ ਅਸੀਂ ਇਕ ਵੱਡਾ ਕਦਮ ਚੁੱਕਿਆ ਹੈ।’
HOME ਸਿਆਸੀ ਪਿੜ ਵਿੱਚ ਨਿੱਤਰੀ ਪ੍ਰਿਯੰਕਾ