ਆਦਮਪੁਰ/ਸ਼ਾਮਚੁਰਾਸੀ (ਚੁੰਬਰ) (ਸਮਾਜਵੀਕਲੀ)– ਛੋਟੀ ਉਮਰੇਂ ਸਾਹਿਤ ਦੇ ਰੰਗਾਂ ਨੂੰ ਵੱਖ-ਵੱਖ ਵੰਨਗੀਆਂ ਵਿਚ ਪ੍ਰੋਣ ਵਾਲੀ ਸਾਹਿਤਕਾਰ ਗੁਰਪ੍ਰੀਤ ਗੀਤ ਇਸ ਫਾਨੀ ਸੰਸਾਰ ਤੋਂ ਹਮੇਸ਼ਾ ਲਈ ਰੁਖ਼ਸਤ ਹੋ ਗਈ। ਉਸ ਦਾ ਅਚਾਨਕ ਇਸ ਸੰਸਾਰ ਤੋਂ ਤੁਰ ਜਾਣ ਦੀ ਖ਼ਬਰ ਨੇ ਸ਼ੋਸ਼ਲ ਮੀਡੀਏ ਵਿਚ ਇਕ ਸੰਨਸਨੀ ਫੈਲਾ ਦਿੱਤੀ। ਸਾਹਿਤ ਖੇਤਰ ਵਿਚ ਉਸ ਦੀ ਮੌਤ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਉਸ ਦੇ ਵਿਛੋੜੇ ਦੀ ਗੱਲ ਹੋਈ।
ਵੱਡੇ -ਵੱਡੇ ਲੀਡਰਾਂ ਅਤੇ ਸਾਹਿਤਕਾਰਾਂ ਨੇ ਉਸ ਦੀ ਮੌਤ ਤੇ ਅਫਸੋਸ ਪ੍ਰਗਟ ਕੀਤਾ। ਆਦਮਪੁਰ ਦੇ ਨਜ਼ਦੀਕੀ ਪਿੰਡ ਪੰਡੋਰੀ ਨਿੱਝਰਾਂ ਦੀ ਰਹਿਣ ਵਾਲੀ ਇਹ ਕਵਿੱਤਰੀ ਨੂੰ ਲਿਖਣ ਦੀ ਚੇਟਕ ਛੋਟੀ ਉਮਰੇਂ ਹੀ ਲੱਗ ਗਈ। ਉਸ ਦੇ ਅੱਖਾਂ ਮੀਟਣ ਦੀ ਘਟਨਾ ਐਨੀ ਦਿਲ ਝੰਜੋੜਨ ਵਾਲੀ ਹੈ ਕਿ ਜਦੋਂ ਉਸ ਦੀ ਪਹਿਲੀ ਕਿਤਾਬ ‘ਸੁਪਨਿਆਂ ਦੇ ਦਸਤਕ’ ਉਸ ਦੇ ਘਰ ਪੁੱਜਦੀ ਹੈ ਤਾਂ ਉਸ ਦੀ ਰੂਹ ਸਰੀਰ ਵਜੂਦ ਵਿਚੋਂ ਉਡਾਰੀ ਮਾਰ ਗਈ ਹੁੰਦੀ ਹੈ, ਉਹ ਪਿਛਲੇ ਸਮੇਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਪੀੜਤ ਸੀ ।
ਸੂਰਜਾਂ ਦੇ ਵਾਰਿਸ ਪਬਲੀਕੇਸ਼ਨ ਹਾਊਸ ਵਲੋਂ ਛੱਪ ਕੇ ਆਈ ਉਸ ਦੀ ਪੁਸਤਕ ਜਲਦ ਰਿਲੀਜ਼ ਹੋਵੇਗੀ, ਪਰ ਅਫਸੋਸ ਇਸ ਦੀ ਰਚਣਹਾਰੀ ਗੁਰਪ੍ਰੀਤ ਗੀਤ ਇਸ ਮੰਜਰ ਨੂੰ ਦੂਰ ਬੈਠੀ ਰੂਹਾਨੀ ਤੌਰ ਤੇ ਤੱਕੇਗੀ। ਇਸ ਦੇ ਪ੍ਰਸ਼ਾਸ਼ਕ ਗੁਰਪ੍ਰੀਤ ਥਿੰਦ, ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ. ਹਰਭਜਨ ਗਿੱਲ, ਸ਼ਾਇਰ ਤਰਲੋਚ ਲੋਚੀ, ਰਾਜਦੀਪ ਸਿੰਘ ਤੂਰ, ਮਨਜਿੰਦਰ ਧਨੋਆ, ਹਰਜਿੰਦਰ ਬੱਲ, ਆਸ਼ੀ ਈਸਪੁਰੀ, ਸੁਖਜੀਤ ਝਾਂਸਾਵਾਲਾ, ਕੁਲਦੀਪ ਚੁੰਬਰ, ਬਲਦੇਵ ਰਾਹੀ, ਰੱਤੂ ਰੰਧਾਵਾ, ਰਵੀ ਫੁਗਲਾਣਾ, ਜੋਰਾ ਢੱਕੋਵਾਲ, ਪ੍ਰਿੰ. ਗੁਰਦਿਆਲ ਫੁੱਲ ਸਮੇਤ ਕਈ ਹੋਰਾਂ ਨੇ ਗੁਰਪ੍ਰੀਤ ਗੀਤ ਦੇ ਤੁਰ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।