ਸਾਵਧਾਨ ! ਕੇ. ਵਾਈ. ਸੀ. ਅਪਡੇਟ ਦੇ ਨਾਮ ਤੇ ਤੁਹਾਡੇ ਨਾਲ ਹੋ ਸਕਦੀ ਹੈ ਠੱਗੀ

(ਸਮਾਜ ਵੀਕਲੀ)

( ਕੇ.ਵਾਈ.ਸੀ. ਕੀ ਹੈ? ਇਸ ਨਾਲ ਸਬੰਧਤ ਧੋਖਾਧੜੀ ਕਿਵੇਂ ਹੋ ਸਕਦੀ ਹੈ? )

ਕੇ.ਵਾਈ.ਸੀ. ਕੀ ਹੈ?

ਕੇ.ਵਾਈ.ਸੀ. (KYC) ਦਾ ਅਰਥ ਹੈ ਆਪਣੇ ਗਾਹਕ ਨੂੰ ਜਾਣੋ (Know Your Customer). ਅਸਾਨ ਭਾਸ਼ਾ ਵਿੱਚ ਕੇ.ਵਾਈ.ਸੀ. ਭਾਰਤ ਵਿੱਚ ਕੰਮ ਕਰ ਰਹੀਆਂ ਸਾਰੀਆਂ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੁਆਰਾ ਗਾਹਕ ਦੀ ਪਛਾਣ ਨੂੰ ਪ੍ਰਮਾਣਿਤ ਕਰਨ ਦੀ ਇੱਕ ਲਾਜ਼ਮੀ ਪ੍ਰਕਿਰਿਆ ਹੈ। ਇਸ ਪ੍ਰਕਿਰਿਆ ਵਿੱਚ ਬੈਂਕ ਵਿੱਚ ਖਾਤਾ ਖੋਲਣ ਜਾਂ ਲੋਨ ਲੈਣ ਲਈ, ਆਪਣੀ ਪਛਾਣ ਅਤੇ ਪਤੇ ਦਾ ਪ੍ਰਮਾਣ ਭਾਵ ਅਧਾਰ ਕਾਰਡ, ਪੈਨ ਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋ ਆਦਿ ਦੇਣੇ ਹੁੰਦੇ ਹਨ। ਇਸ ਪ੍ਰਕਿਰਿਆ ਰਾਹੀਂ ਬੈਂਕ ਆਪਣੇ ਗਾਹਕਾਂ ਦੀ ਪਛਾਣ ਅਤੇ ਪਤੇ ਬਾਰੇ ਸੂਚਨਾਵਾਂ ਪ੍ਰਾਪਤ ਕਰਦੇ ਹਨ । ਰਿਜ਼ਰਵ ਬੈਂਕ ਦੇ ਨਿਰਦੇਸ਼ ਅਨੁਸਾਰ ਕੇ.ਵਾਈ.ਸੀ. ਦੇ ਕਾਰਜ ਨੂੰ ਬੈਂਕਾਂ ਵਲੋਂ ਖਾਤਾ ਖੋਲਣ ਸਮੇਂ ਪੂਰਾ ਕਰਨਾ ਹੁੰਦਾ ਹੈ। ਇਹ ਕਾਰਜ ਇਹ ਸੁਨਿਸ਼ਚਿਤ ਕਰਨ ਵਿੱਚ ਮਦਦ ਕਰਦਾ ਹੈ ਕਿ ਬੈਂਕ ਦੀਆਂ ਸੇਵਾਵਾਂ ਦੀ ਦੁਰਵਰਤੋਂ ਨਾ ਹੋਵੇ । ਬੈਂਕਾਂ ਨੂੰ ਆਪਣੇ ਗਾਹਕਾਂ ਦੇ ਕੇ.ਵਾਈ.ਸੀ. ਦੇ ਵੇਰਵੇ ਸਮੇਂ-ਸਮੇਂ ਤੇ ਅਪਡੇਟ ਕਰਨ ਦੀ ਲੋੜ ਵੀ ਹੁੰਦੀ ਹੈ ।

ਆਮ ਤੌਰ ਤੇ ਇਹ ਪ੍ਰਕਿਰਿਆ ਬੈਂਕ ਵਿੱਚ ਪਹੁੰਚ ਕੇ ਆਫਲਾਈਨ ਕੀਤੀ ਜਾਂਦੀ ਹੈ ਪਰ ਜੇਕਰ ਤੁਹਾਡੇ ਕੋਲ KYC ਪ੍ਰਕਿਰਿਆ ਨੂੰ ਆਫਲਾਈਨ ਕਰਨ ਦਾ ਸਮਾਂ ਨਹੀਂ ਹੈ ਤਾਂ KYC ਦੀ ਪ੍ਰਕਿਰਿਆ ਨੂੰ ਆਨਲਾਈਨ ਵੀ ਕੀਤਾ ਜਾ ਸਕਦਾ ਹੈ। ਤੁਸੀਂ ਆਨਲਾਈਨ ਕੇ. ਵਾਈ. ਸੀ. ਫਾਰਮ ਭਰ ਕੇ ਜਾਂ ਵੀਡੀਓ-ਆਧਾਰਿਤ ਗਾਹਕ ਪਛਾਣ ਪ੍ਰਕਿਰਿਆ ਦੁਆਰਾ ਡਿਜੀਟਲ ਕੇ. ਵਾਈ. ਸੀ. ਨੂੰ ਪੂਰਾ ਕਰ ਸਕਦੇ ਹੋ। ਡਿਜੀਟਲ ਕੇ. ਵਾਈ. ਸੀ. ਨਾਲ ਤੁਸੀਂ ਆਸਾਨੀ ਨਾਲ ਲੋਨ ਲਈ ਅਰਜ਼ੀ ਦੇ ਸਕਦੇ ਹੋ ਅਤੇ ਆਨਲਾਈਨ ਬੈਂਕ ਖਾਤਾ ਖੋਲ੍ਹ ਸਕਦੇ ਹੋ। ਇਸ ਤੋਂ ਇਲਾਵਾ ਨਵਾਂ ਸਿਮ ਕਾਰਡ ਲੈਣ , ਸਿਮ ਕਾਰਡ ਸਵੈਪ ਅਤੇ ਮੋਬਾਈਲ ਨੰਬਰ ਪੋਰਟ ਕਰਨ ਲਈ ਵੀ ਕੇ. ਵਾਈ. ਸੀ. ਅਪਡੇਟ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ।

ਕੇ.ਵਾਈ.ਸੀ. (KYC) ਸਬੰਧਤ ਧੋਖਾਧੜੀ ਕਿਵੇਂ ਹੋ ਸਕਦੀ ਹੈ?

ਸਾਈਬਰ ਠੱਗ, ਲੋਕਾਂ ਨੂੰ ਠੱਗਣ ਲਈ ਨਿੱਤ ਨਵੇਂ ਤਰੀਕੇ ਲੱਭ ਰਹੇ ਹਨ। ਭਾਵੇਂ ਇਹ ਕੇ. ਵਾਈ. ਸੀ. ਨਾਲ ਸਬੰਧਤ ਧੋਖਾਧੜੀ ਹੋਵੇ , ਵੱਖ- ਵੱਖ ਕਿਸਮਾਂ ਦੀ ਬੈਂਕਿੰਗ ਧੋਖਾਧੜੀ ਜਾਂ ਏ.ਟੀ.ਐਮ. ਧੋਖਾਧੜੀ ਹੋਵੇ, ਇਹ ਧੋਖੇਬਾਜ਼ ਹਰ ਰੋਜ਼ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਰਹੇ ਹਨ ਅਤੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਨੂੰ ਠੱਗ ਰਹੇ ਹਨ। ਅੱਜਕੱਲ੍ਹ, ਧੋਖਾਧੜੀ ਕਰਨ ਵਾਲੇ ਗਾਹਕਾਂ ਨੂੰ ਉਹਨਾਂ ਦੇ ਵੇਰਵੇ ਜਿਵੇਂ ਕਿ ਪਛਾਣ ਸਬੰਧੀ ਜਾਣਕਾਰੀ, ਬੈਂਕਿੰਗ ਜਾਣਕਾਰੀ, ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਜਾਣਕਾਰ ਅਤੇ OTP ਸਾਂਝਾ ਕਰਨ ਲਈ ਆਖ ਕੇ ਆਸਾਨੀ ਨਾਲ ਫਸਾ ਲੈਂਦੇ ਹਨ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਤੱਕ ਅਣਅਧਿਕਾਰਤ ਪਹੁੰਚ ਪ੍ਰਾਪਤ ਕਰ ਲੈਂਦੇ ਹਨ। ਇਸ ਤੋਂ ਇਲਾਵਾ ਕੇ. ਵਾਈ. ਸੀ. ਅਪਡੇਟ ਦੇ ਬਹਾਨੇ ਸਾਈਬਰ ਠੱਗ ਸਿਮ ਕਾਰਡ ਨੂੰ ਆਪਣੇ ਕੋਲ ਐਕਟੀਵੇਟ ਕਰ ਸਕਦੇ ਹਨ। ਜਿਸ ਨਾਲ ਉਸ ਸਿਮ ਕਾਰਡ ਨਾਲ ਜੁੜੇ ਬੈਂਕ ਖਾਤੇ ਲੁੱਟੇ ਜਾ ਸਕਦੇ ਹਨ। ਆਰ.ਬੀ.ਆਈ. ਦੀ ਰਿਪੋਰਟ ਅਨੁਸਾਰ ਹਾਲ ਹੀ ਦੇ ਦਿਨਾਂ ਵਿੱਚ, ਕੇ.ਵਾਈ.ਸੀ. ਨਾਲ ਸਬੰਧਤ ਧੋਖਾਧੜੀ ਕੇਸਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ।

ਗਾਹਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਕਿਸੇ ਅਣਜਾਣ ਵਿਅਕਤੀ/ਸੰਗਠਨ ਨਾਲ ਆਪਣੀ ਨਿੱਜੀ ਪਛਾਣ ਸਬੰਧੀ ਜਾਣਕਾਰੀ ਸਾਂਝੀ ਨਾ ਕਰਨ। ਆਰ.ਬੀ.ਆਈ. ਨੇ ਆਪਣੀ ਵੈੱਬਸਾਈਟ ‘ਤੇ ਵੀ ਸਪੱਸ਼ਟ ਕੀਤਾ ਹੈ ਕਿ ਬੈਂਕ ਕਦੇ ਵੀ ਅਜਿਹੀ ਜਾਣਕਾਰੀ ਫੋਨ ਕਾਲ ਦੌਰਾਨ ਨਹੀਂ ਮੰਗਦੇ ਅਤੇ ਗਾਹਕਾਂ ਨੂੰ ਇਸ ਬਾਰੇ ਚੁਕੰਨੇ ਰਹਿਣਾ ਚਾਹੀਦਾ ਹੈ। ਜੇਕਰ ਉਹਨਾਂ ਨੂੰ ਕੇ.ਵਾਈ.ਸੀ. ਅੱਪਡੇਟ ਕਰਵਾਉਣ ਲਈ ਕੋਈ ਜਾਅਲੀ ਫੋਨ ਕਾਲ ਆਂਉਂਦੀ ਹੈ, ਤਾਂ ਉਹਨਾਂ ਨੂੰ ਤੁਰੰਤ ਸਬੰਧਿਤ ਬੈਂਕ ਅਧਿਕਾਰੀਆਂ ਨੂੰ ਇਸਦੀ ਰਿਪੋਰਟ ਕਰਨੀ ਚਾਹੀਦੀ ਹੈ। ਉਹ ਅਜਿਹੀਆਂ ਬੇਨਤੀਆਂ ਦੀ ਰਿਪੋਰਟ ਸਿੱਧਾ RBI ਨੂੰ ਵੀ ਕਰ ਸਕਦੇ ਹਨ।

ਸੋ ਮੁੱਖ ਤੌਰ ਤੇ ਕੇ. ਵਾਈ. ਸੀ. ਧੋਖਾਧੜੀ ਅਤੇ ਹੋਰ ਬੈਂਕਿੰਗ ਧੋਖਾਧੜੀਆਂ ਤੋਂ ਬਚਣ ਲਈ ਹੇਠ ਲਿਖੀਆਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ :
1. ਆਪਣੀ ਪਹਿਚਾਣ ਅਤੇ ਬੈਂਕਿੰਗ ਵੇਰਵੇ ਕਿਸੇ ਨਾਲ ਵੀ ਸਾਂਝਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
2. ਫੋਨ ਕਾਲ ਦੌਰਾਨ ਕਿਸੇ ਨੂੰ ਵੀ ਏ.ਟੀ.ਐਮ. ਪਿਨ, ਸੀ. ਵੀ. ਵੀ. ਨੰਬਰ ਜਾਂ ਇੰਟਰਨੈੱਟ ਬੈਂਕਿੰਗ ਲੋਗਇਨ ਜਾਣਕਾਰੀ ਨਾ ਦਿਓ।
3. ਇੰਟਰਨੈੱਟ ਉੱਤੇ ਦਿੱਤੀ ਜਾਣਕਾਰੀ ’ਤੇ ਜਲਦੀ ਭਰੋਸਾ ਨਾ ਕਰੋ। ਕਿਸੇ ਦੁਆਰਾ ਪ੍ਰਾਪਤ ਹੋਏ ਧੋਖਾਧੜੀ ਸੰਦੇਸ਼ਾਂ ਤੇ ਵਿਸ਼ਵਾਸ ਨਾ ਕਰੋ।
4. ਈਮੇਲ ਜਾਂ ਮੈਸਜ ਦੁਆਰਾ ਮਿਲੇ ਫਾਲਤੂ ਦੇ ਲੁਭਾਵਣੇ ਲਿੰਕਾਂ ਨੂੰ ਨਹੀਂ ਖੋਲਣਾ ਚਾਹੀਦਾ।
5. ਬੈਂਕਿੰਗ ਸਬੰਧੀ ਕੰਮਾਂ ਲਈ ਬੈਂਕ ਦੀ ਆਪਣੀ ਐਪਲੀਕੇਸ਼ਨ ਦੀ ਵਰਤੋਂ ਕਰੋ। ਫਾਲਤੂ ਦੀਆਂ ਐਪਲੀਕੇਸ਼ਨ ਡਾਊਨਲੋਡ ਨਾ ਕਰੋ।
6. ਸਿਰਫ਼ ਜਾਣੀਆਂ-ਪਛਾਣੀਆਂ ਅਤੇ ਸੁਰੱਖਿਅਤ ਵੈੱਬ-ਸਾਈਟਾਂ ਤੇ ਹੀ ਪੇਮੈਂਟ ਕਰਨ ਲਈ ਆਪਣੇ ਕ੍ਰੈਡਿਟ ਕਾਰਡ/ਡੈਬਿਟ ਕਾਰਡ ਜਾਂ ਇੰਟਰਨੈੱਟ ਬੈਂਕਿੰਗ ਦੀ ਵਰਤੋਂ ਕਰੋ।
7. “ਫ੍ਰੀ” ਆਫਰਾਂ ਜਾਂ ਉਨ੍ਹਾਂ ਵੈੱਬ-ਸਾਈਟਾਂ ਤੋਂ ਖ਼ਬਰਦਾਰ ਰਹੋ ਜੋ ਬਹੁਤ ਹੀ ਘੱਟ ਕੀਮਤ ਤੇ ਚੀਜ਼ਾਂ ਵੇਚਦੀਆਂ ਹਨ।

ਚਾਨਣ ਦੀਪ ਸਿੰਘ ਔਲਖ

ਪਿੰਡ ਗੁਰਨੇ ਖੁਰਦ (ਮਾਨਸਾ), ਸੰਪਰਕ 9876888177

, [email protected]

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ ਦੀ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਚਿਤਵਾਨੀ
Next articleਹੈਪੀ ਸੀਡਰ ਨਾਲ ਕਣਕ ਦੀ ਕਾਸ਼ਤ ਕਰਕੇ ਕਿਸਾਨ ਵੀਰ ਆਪਣੇ ਖੇਤ ਖ਼ਰਚੇ ਘਟਾ ਸਕਦੇ ਹਨ: ਸਨਦੀਪ ਸਿੰਘ ਏ ਡੀ ਓ ,ਸਮਰਾਲਾ