ਸਾਵਧਾਨੀ ਵਜੋਂ ਮੌੜ ਮੰਡੀ ਸੀਲ

ਮੌੜ ਮੰਡੀ (ਸਮਾਜਵੀਕਲੀ) – ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਮੌੜ ਪੁਲੀਸ ਵੱਲੋਂ ਪੂਰੀ ਮੰਡੀ ਨੂੰ ਪੱਕੇ ਤੌਰ ’ਤੇ ਸੀਲ ਕਰ ਦਿੱਤਾ ਗਿਆ ਹੈ। ਅੱਜ ਪ੍ਰਸ਼ਾਸਨ ਵੱਲੋਂ ਬਾਹਰੀ ਵਿਅਕਤੀਆਂ ਦੇ ਮੰਡੀ ਅੰਦਰ ਦਾਖਲ ਹੋਣ ’ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਗਈ ਹੈ।

ਮੰਡੀ ਦੀਆਂ ਸਾਰੀਆਂ ਗਲੀਆਂ ਨੂੰ ਲੋਹੇ ਦੀਆਂ ਗਰਿੱਲਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਪੁਲੀਸ ਨੇ ਸਾਈਕਲ ਲੰਘਣ ਦਾ ਰਸਤਾ ਵੀ ਨਹੀਂ ਛੱਡਿਆ ਹੈ। ਮੰਡੀ ’ਚ ਇਹ ਚਰਚਾ ਰਹੀ ਕਿ ਪਿੰਡ ਬੁਰਜ ਰਾਠੀ ਦਾ ਕਰੋਨਾ ਮਰੀਜ਼ ਇਥੇ ਆੜ੍ਹਤੀਏ ਨੂੰ ਮਿਲਣ ਆਇਆ ਸੀ ਪ੍ਰੰਤੂ ਪ੍ਰਸ਼ਾਸਨ ਨੇ ਅਜਿਹੀ ਮੁਲਾਕਾਤ ਤੋਂ ਇਨਕਾਰ ਕੀਤਾ ਹੈ।

ਪੁਲੀਸ ਉਪ ਕਪਤਾਨ ਮਨੋਜ ਗੋਰਸੀ ਨੇ ਕਿਹਾ ਕਿ ਮੌੜ ਮੰਡੀ ਨੂੰ ਸੀਲ ਕਰਨ ਦਾ ਬੁਰਜ ਰਾਠੀ ਦੇ ਮਰੀਜ਼ ਨਾਲ ਕੋਈ ਸਬੰਧ ਨਹੀਂ ਹੈ ਸਗੋਂ ਮੰਡੀ ਨੂੰ ਕਰੋਨਾ ਤੋਂ ਬਚਾਉਣ ਲਈ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੁਕਾਨਾਂ ਖੋਲ੍ਹਣ ਲਈ ਮਿਲੀ ਢਿੱਲ ਨਾਲ ਮੰਡੀ ਅੰਦਰ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਦੀ ਆਵਾਜਾਈ ਬਹੁਤ ਵੱਧ ਰਹੀ ਸੀ, ਜਿਸ ਨਾਲ ਜਾਰੀ ਹਦਾਇਤਾਂ ਦੀ ਉਲੰਘਣਾ ਹੋ ਰਹੀ ਸੀ। ਇਸੇ ਨੂੰ ਧਿਆਨ ’ਚ ਰਖਦਿਆਂ ਮੰਡੀ ਦੀਆਂ ਗਲੀਆਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਕੀਤਾ ਜਾ ਰਿਹਾ ਹੈ।

Previous articleਜੱਜ ਸ਼ਤਰਮੁਰਗ ਵਾਂਗ ਸਿਰ ਨਹੀਂ ਲੁਕੋ ਸਕਦੇ: ਜਸਟਿਸ ਗੁਪਤਾ
Next articleਦਿੱਲੀ ’ਚ ਕਰੋਨਾ ਪੀੜਤਾਂ ਦੀ ਗਿਣਤੀ 5 ਹਜ਼ਾਰ ਤੋਂ ਪਾਰ