ਨਵੀਂ ਦਿੱਲੀ (ਸਮਾਜਵੀਕਲੀ) : ਮੌਜੂਦਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਐਤਵਾਰ ਨੂੰ ਲੱਗੇਗਾ। ‘ਰਿੰਗ ਆਫ਼ ਫਾਇਰ’ ਵਜੋਂ ਜਾਣਿਆ ਜਾਂਦਾ ਇਹ ਗ੍ਰਹਿਣ ਦੁਨੀਆ ’ਚ ਸਵੇਰੇ ਸਵਾ 9 ਵਜੇ ਸ਼ੁਰੂ ਹੋਵੇਗਾ ਜੋ ਦੁਪਹਿਰ ਬਾਅਦ 3.04 ਵਜੇ ਤੱਕ ਜਾਰੀ ਰਹੇਗਾ। ਭਾਰਤ ’ਚ ਸੂਰਜ ਗ੍ਰਹਿਣ ਸਵੇਰੇ 10.12 ਵਜੇ ਰਾਜਸਥਾਨ ਦੇ ਘਰਸਾਨਾ ’ਚ ਲੱਗੇਗਾ।
ਮੱਧ ਪ੍ਰਦੇਸ਼ ਬਿਰਲਾ ਪਲੈਨੇਟੇਰੀਅਮ ਦੇ ਡਾਇਰੈਕਟਰ ਦੇਬੀ ਪ੍ਰਸਾਦ ਦੁਆਰੀ ਨੇ ਦੱਸਿਆ ਕਿ ‘ਰਿੰਗ ਆਫ਼ ਫਾਇਰ’ ਇਕ ਮਿੰਟ ਲਈ ਰਾਜਸਥਾਨ ਦੇ ਸੂਰਤਗੜ੍ਹ ਤੇ ਅਨੂਪਗੜ੍ਹ, ਹਰਿਆਣਾ ਦੇ ਸਿਰਸਾ, ਰਤੀਆ ਤੇ ਕੁਰੂਕਸ਼ੇਤਰ ਅਤੇ ਉੱਤਰਾਖੰਡ ਦੇ ਦੇਹਰਾਦੂਨ, ਚਮੋਲੀ ਤੇ ਜੋਸ਼ੀਮੱਠ ’ਚ ਦੇਖਿਆ ਜਾ ਸਕਦਾ ਹੈ।
ਨਾਸਾ ਮੁਤਾਬਕ ਚੰਨ, ਸੂਰਜ ਨੂੰ 99.4 ਫ਼ੀਸਦੀ ਢੱਕ ਲਵੇਗਾ ਅਤੇ ਇਹ ਨਜ਼ਾਰਾ ਉੱਤਰੀ ਭਾਰਤ ਤੋਂ ਦਿਖਾਈ ਦੇਵੇਗਾ। ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨੰਗੀਆਂ ਅੱਖਾਂ ਨਾਲ ਸੂਰਜ ਗ੍ਰਹਿਣ ਦੇਖਣ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਇਸ ਨਾਲ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਸੂਰਜ ਗ੍ਰਹਿਣ ਊਦੋਂ ਲਗਦਾ ਹੈ ਜਦੋਂ ਪ੍ਰਿਥਵੀ ਅਤੇ ਸੂਰਜ ਦੇ ਵਿਚਕਾਰ ਚੰਨ ਆ ਜਾਂਦਾ ਹੈ।